30 ਜੁਲਾਈ ਤੋਂ ਕੈਬਨਿਟ ਮੰਤਰੀਆਂ ਤੇ ਸਬ ਕਮੇਟੀ ਮੈਂਬਰਾਂ ਨੂੰ ਦਿੱਤੇ ਜਾਣਗੇ ਰੋਸ਼ ਪੱਤਰ
ਮੰਗਾਂ ਦਾ ਹੱਲ ਨਾ ਹੋਇਆ ਤਾਂ 07 ਅਗਸਤ ਨੂੰ ਕਿਰਤ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਹੋਵੇਗਾ ਘਿਰਾਓ
ਕੱਚੇ ਅਧਿਆਪਕ ਤੇ ਪੰਜਾਬ ਰੋਡਵੇਜ਼ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ
ਮੋਰਿੰਡਾ , 27 ਜੂਨ (ਭਟੋਆ )
ਕੱਚਾ ਤੇ ਆਊਟਸੋਰਸਿਗ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਕਨਵੀਨਰ ਸਰਬਜੀਤ ਸਿੰਘ ਭੁੱਲਰ, ਸੂਬਾ ਕਨਵੀਨਰ ਜਸਵੀਰ ਸਿੰਘ ਸ਼ੀਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕੋ ਕਨਵੀਨਰ ਹਰਪ੍ਰੀਤ ਸਿੰਘ ਰਜੀਆ ਨੇ ਦੱਸਿਆ ਕਿ ਵੱਖ -ਵੱਖ ਵਿਭਾਗਾ ਅਧੀਨ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਆਊਟਸੋਰਸਿਗ, ਇੰਨਲਿਸਟਮੈਂਟ, ਵੱਖ -ਵੱਖ ਠੇਕੇਦਾਰਾਂ ਕੰਪਨੀਆਂ ਰਾਹੀਂ ਕੰਮ ਕਰਦੇ ਕਾਮਿਆਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮਨਵਾਉਣ ਲਈ ਇੱਕ ਪਲੇਟਫਾਰਮ ਤੇ ਇਕਠੇ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਸੀ ।ਇਨ੍ਹਾਂ ਦੱਸਿਆ ਕਿ ਕੱਚਾ ਤੇ ਆਊਟਸੋਰਸਿਗ ਸਾਂਝਾ ਮੁਲਾਜ਼ਮ ਫਰੰਟ ਵੱਲੋਂ 30 ਜੁਲਾਈ ਤੱਕ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਸਬ ਕਮੇਟੀ ਮੈਂਬਰਾਂ ਸਮੇਤ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਫਰੰਟ ਵੱਲੋਂ ਰੋਸ਼ ਪੱਤਰ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਜੋ ਸਰਕਾਰ ਸ਼ਹੀਦ ਭਗਤ ਸਿੰਘ ਤੇ ਡਾ.ਬੀ.ਆਰ ਅੰਬੇਡਕਰ ਜੀ ਦੀ ਸੋਚ ਤੇ ਚਲਣ ਦਾ ਦਾਅਵਾ ਕਰਦੀ ਹੈ। ਹੁਣ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਡਾ. ਬੀ.ਆਰ. ਅੰਬੇਡਕਰ ਜੀ ਦੀਆਂ ਫੋਟੋਆਂ ਸਮੇਤ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਕਾਮਿਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹਾਂ ਤਹਿਤ ਸਕੇਲ ਤੇ ਪੁਰੇ ਭੱਤਿਆਂ ਨਾਲ ਉਜਰਤਾਂ ਨੂੰ ਲਾਗੂ ਕਰਵਾਉਣ, ਛਾਂਟੀ ਕੀਤੇ ਵਰਕਰਾਂ ਨੂੰ ਬਹਾਲ ਕਰਨ ਅਤੇ ਹਰੇਕ ਵਿਭਾਗ ਵਿੱਚ ਛਾਂਟੀਆਂ ਤੇ ਮੁਕੰਮਲ ਰੋਕ ਲਗਾਉਣ ਲਈ ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਨੂੰ ਸਾਰੇ ਪੰਜਾਬ ਦੇ ਸਹਾਇਕ ਕਿਰਤ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ, ਜੇਕਰ ਮੰਗ ਪੱਤਰ ਭੇਜਣ ਤੋਂ ਬਾਅਦ ਵੀ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਨਹੀਂ ਕੀਤਾ ਤਾਂ 07 ਅਗਸਤ 2023 ਨੂੰ ਕਿਰਤ ਮੰਤਰੀ ਪੰਜਾਬ ਸਰਕਾਰ ਅਨਮੋਲ ਗਗਨ ਮਾਨ ਦੇ ਹਲਕੇ ਖਰੜ ਵਿਖੇ ਰੋਸ਼ ਪ੍ਰਦਰਸਨ ਕਰਨ ਉਪਰੰਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੱਕੇ ਕਰਨ ਦੀ ਮੰਗ ਨੂੰ ਲੈਕੇ ਸੰਗਰੂਰ ਵਿਖੇ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਕੱਚੇ ਅਧਿਆਪਕਾਂ ਤੇ ਪੰਜਾਬ ਰੋਡਵੇਜ਼ ਪੀ.ਆਰ.ਟੀ.ਪੱਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੰਗਾਂ ਨੂੰ ਲੈਕੇ ਤੇ ਟਰਾਂਸਪੋਰਟ ਵਿਭਾਗ ਦੇ ਨਿਜੀਕਰਨ ਦੇ ਵਿਰੋਧ ਵਿੱਚ 22 ਜੂਨ ਤੋਂ 28 ਜੂਨ ਤੱਕ ਉਲੀਕੇ ਸੰਘਰਸ਼ਾਂ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਇਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਲੰਮੇ ਸਮੇਂ ਤੋਂ ਸੰਤਾਪ ਹੰਢਾ ਰਹੇ ਕਾਮਿਆਂ ਨੂੰ ਇਨਸਾਫ਼ ਦਿਵਾਉਣ ਲਈ ਇਕ ਪਲੇਟਫਾਰਮ ਤੇ ਇਕਠੇ ਹੋਣ ਦੀ ਲੋੜ ਹੈ। ਉਨ੍ਹਾਂ ਫਰੰਟ ਤੋਂ ਬਾਹਰ ਰਹਿ ਰਹੀਆਂ ਜਥੇਬੰਦੀਆਂ ਨੂੰ ਕੱਠੇ ਹੋਣ ਦਾ ਖੁਲਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਵੀਰ ਸਿੰਘ ਕਜੋਲੀ, ਹਰਪ੍ਰੀਤ ਸਿੰਘ ਰਾਜੀਆ ਮਲਾਗਰ ਸਿੰਘ ਖਮਾਣੋਂ, ਹਰਦੀਪ ਸਿੰਘ ਟੋਡਰਪੁਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਆਦਿ ਹਾਜ਼ਰ ਸਨ।