ਸੰਯੁਕਤ ਕਿਸਾਨ ਮੋਰਚਾ ਅੱਜ ਮੀਟਿੰਗ ਕਰਕੇ ਕਰੇਗਾ ਅਗਲੀ ਰਣਨੀਤੀ ਦਾ ਐਲਾਨ
ਚੰਡੀਗੜ੍ਹ,13 ਜੂਨ,ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਕੁਰੂਕਸ਼ੇਤਰ 'ਚ ਸੂਰਜਮੁਖੀ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਅਤੇ ਹਾਈਵੇ ਜਾਮ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕੀ। ਕਿਸਾਨਾਂ ਨੇ ਸਰਕਾਰ ਨੂੰ ਰਾਤ 10 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ ਪਰ ਦੋਵਾਂ ਧਿਰਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ। ਇਸ ਤੋਂ ਬਾਅਦ ਕਿਸਾਨ ਹਾਈਵੇਅ 'ਤੇ ਹੀ ਬਿਸਤਰੇ ਲਗਾ ਕੇ ਸੌਂ ਗਏ।ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਕਿਸਾਨਾਂ ਵਿਚਕਾਰ ਸੜਕ ’ਤੇ ਹੀ ਸੌਂ ਗਏ। ਇਸ ਤੋਂ ਪਹਿਲਾਂ ਕਿਸਾਨਾਂ ਨੇ ਹਾਈਵੇਅ 'ਤੇ ਹੀ ਰਾਤ ਦਾ ਖਾਣਾ ਖਾਧਾ। ਇਸ ਦੌਰਾਨ ਕੁਝ ਕਿਸਾਨ ਨੱਚਦੇ ਵੀ ਨਜ਼ਰ ਆਏ।ਕਿਸਾਨਾਂ ਅਨੁਸਾਰ ਅਗਲਾ ਫੈਸਲਾ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਵੱਲੋਂ ਲਿਆ ਜਾਵੇਗਾ। ਸਰਕਾਰ ਨੂੰ ਅੱਜ ਸਵੇਰੇ 10 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਐਸਕੇਐਮ ਇੱਕ ਮੀਟਿੰਗ ਕਰੇਗਾ, ਜਿਸ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।