ਮੋਰਿੰਡਾ 11 ਜੂਨ ( ਭਟੋਆ)
ਮੋਰਿੰਡਾ ਸ਼ਹਿਰ ਵਿੱਚ ਪੁਲਿਸ ਵੱਲੋਂ ਥਾ ਥਾਂ ਉੱਤੇ ਨਾਕਾਬੰਦੀ ਕਰਕੇ ਚੋਰਾਂ, ਲੁਟੇਰਿਆਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਲੁੱਟਾਂ ਖੋਹਾਂ ਵਿੱਚ ਠੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਫ਼ੇਰ ਵੀ ਸ਼ਾਤਰ ਚੋਰ, ਰੋਜ਼ਾਨਾ ਕਿਸੇ ਨਾ ਕਿਸੇ ਚੋਰੀ ਨੂੰ ਅੰਜਾਮ ਦੇਣ ਵਿੱਚ ਸਫ਼ਲ ਹੋ ਜਾਂਦੇ ਹਨ।
ਮੋਰਿੰਡਾ ਸ਼ਹਿਰ ਵਿੱਚ ਚੋਰਾਂ ਵੱਲੋਂ ਇੱਕ ਪਰਵਾਸੀ ਦੇ ਘਰ ਤੋਂ ਇੱਕ ਸਕੂਟਰੀ ਐਕਟਿਵਾ ਅਤੇ ਦੋ ਗੈਸ ਸਿਲੰਡਰ ਚੋਰੀ ਕਰ ਲੈਣ ਨਾਲ ਜਿੱਥੇ ਪੁਲਿਸ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਰਤੀ ਜਾਂਦੀ ਸਖਤੀ ਦੀ ਪੋਲ ਖੋਲਕੇ ਰੱਖ ਦਿੱਤੀ ਹੈ, ਉੱਥੇ ਹੀ ਅਜਿਹੇ ਅਨਸਰਾਂ ਤੇ ਤਿੱਖੀ ਨਜ਼ਰ ਰੱਖਣ ਲਈ ਲੱਖਾਂ ਰੁਪਏ ਖਰਚ ਕੇ ਸ਼ਹਿਰ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਕਾਰੁਜਗਾਰੀ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦਰਸ਼ਨ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੱਪਲਮਾਜਰਾ, ਹਾਲ ਵਾਸੀ ਨਿਊ ਸੂਦ ਕਲੋਨੀ ਮੋਰਿੰਡਾ ਨੇ ਦੱਸਿਆ ਕਿ ਉਸਦੇ ਗੁਆਂਢ ਵਿੱਚ ਜਗਤਾਰ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਖੈਰਪੁਰ ਦਾ ਮਕਾਨ ਹੈ , ਜੋ ਖੁਦ ਆਪਣੇ ਪਰਿਵਾਰ ਸਮੇਤ ਕਨੇਡਾ ਰਹਿੰਦਾ ਹੈ ਅਤੇ ਪਿੱਛੋ ਦਰਸ਼ਨ ਸਿੰਘ ਹੀ ਉਨ੍ਹਾਂ ਦੇ ਮਕਾਨ ਦੀ ਦੇਖਭਾਲ ਕਰਦਾ ਹੈ। ਦਰਸ਼ਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਨਾ ਮਾਲੂਮ ਵਿਅਕਤੀਆਂ ਨੇ ਜਗਤਾਰ ਸਿੰਘ ਦੇ ਘਰ ਦਾਖਲ ਹੋ ਕੇ ਸਕੂਟਰੀ ਨੰਬਰ ਪੀਬੀ -87- 8293 ਅਤੇ ਦੋ ਗੈਸ ਸਿਲੰਡਰ ਚੋਰੀ ਕਰ ਲਏ।
ਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਆਈਪੀਸੀ ਦੀ ਧਾਰਾ 380/457 ਅਧੀਨ ਮੁਕੱਦਮਾ ਨੰਬਰ 44 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਵਿੱਚ ਆਪ ਸਰਕਾਰ ਵੱਲੋਂ 12.50 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ ਦਾਖਲਾ ਪੁਆਇੰਟਾਂ ਤੇ ਹੋਰ ਅਹਿਮ ਸਥਾਨਾਂ ਉੱਤੇ ਲਗਾਏ ਗਏ 32 ਸੀਸੀਟੀਵੀ ਕੈਮਰੇ ਲੱਗਭੱਗ ਦੋ ਮਹੀਨਿਆਂ ਤੋ ਬੰਦ ਪਏ ਹਨ, ਜਿਸ ਕਾਰਨ ਚੋਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਚੋਰੀਆਂ ਆਦਿ ਕਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ।