ਚੰਡੀਗੜ੍ਹ,11 ਜੂਨ, ਦੇਸ਼ ਕਲਿੱਕ ਬਿਓਰੋ :
ਸਿਨੇਮਾ ਜਗਤ ਲਈ ਦੁਖਦਾਈ ਖਬਰ ਹੈ, ਮਸ਼ਹੂਹਰ ਅਦਾਕਾਰ, ਡਾਇਰੈਕਟਰ ਤੇ ਪ੍ਰੋਡਿਊਸਰ ਮੰਗਲ ਢਿੱਲੋਂ ਦਾ ਅੱਜ ਦੇਹਾਂਤ ਹੋ ਗਿਆ। ਮੰਗਲ ਢਿੱਲੋਂ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਚਲ ਰਹੇ ਸਨ। ਉਨ੍ਹਾਂ ਦਾ ਲੁਧਿਆਣਾ ਦੇ ਕੈਂਸਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮੰਗਲ ਸਿੰਘ ਢਿੱਲੋਂ ਜ਼ਿਲ੍ਹਾ ਫਰੀਦਕੋਟ, ਪੰਜਾਬ ਦੇ ਰਹਿਣ ਵਾਲੇ ਸਨ। ਉਹ ਇੱਕ ਅਦਾਕਾਰ ਦੇ ਨਾਲ-ਨਾਲ ਇੱਕ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਦੇ ਤੌਰ 'ਤੇ ਫਿਲਮਾਂ ਅਤੇ ਸੀਰੀਅਲਾਂ ਵਿੱਚ ਕੰਮ ਕੀਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਮੰਗਲ ਸਿੰਘ ਢਿੱਲੋਂ ਨੇ 'ਕਥਾ ਸਾਗਰ', 'ਬੁਨੀਆਦ', 'ਜੂਨੂਨ', 'ਮੌਲਾਨਾ ਆਜ਼ਾਦ', 'ਯੁੱਗ' ਅਤੇ 'ਨੂਰ ਜਹਾਂ' ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਬਾਲੀਵੁੱਡ 'ਚ 'ਖੂਨ ਭਾਰੀ ਮਾਂਗ', 'ਦਯਾਵਾਨ', 'ਭਰਸ਼ਟਾਚਾਰ', 'ਅਕੇਲਾ', 'ਵਿਸ਼ਵਤਾਮਾ', 'ਸਾਹਿਬਾਨ', 'ਦਿਲ ਤੇਰਾ ਆਸ਼ਿਕ' ਅਤੇ 'ਤੂਫਾਨ ਸਿੰਘ' ਵਰਗੀਆਂ ਫਿਲਮਾਂ 'ਚ ਬਤੌਰ ਅਦਾਕਾਰ ਕੰਮ ਕੀਤਾ ਹੈ।