ਮੋਹਾਲੀ,10 ਜੂਨ : ਦੇਸ਼ ਕਲਿੱਕ ਬਿਓਰੋ
ਲੋਕਾਂ ਨੂੰ ਖਾਣ-ਪੀਣ ਦੀਆਂ ਮਿਆਰੀ ਤੇ ਸ਼ੁੱਧ ਚੀਜ਼ਾਂ ਉਪਲਭਧ ਕਰਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਦੋ ਫ਼ੂਡ ਸੇਫਟੀ ਟੀਮਾਂ ਨੇ ਅੱਜ ਸਵੇਰੇ ਖਰੜ ਏਰੀਏ ਵਿਚ ਦੁੱਧ ਦੀਆਂ ਡੇਅਰੀਆਂ ਵਿਚ ਦਸਤਕ ਦਿਤੀ ਤੇ ਦੁੱਧ ਤੇ ਪਨੀਰ ਦੇ ਮਿਆਰ ਦੀ ਪਰਖ ਕੀਤੀ l ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਟੀਮਾਂ ਨੇ ਏਰੀਏ ਦੀਆਂ 20 ਪ੍ਰਮੁੱਖ ਡੇਅਰੀਆਂ ਵਿਚ ਫੇਰੀ ਪਾਈ ਅਤੇ ਵੱਖ-ਵੱਖ ਥਾਈਂ ਦੁੱਧ ਤੇ ਪਨੀਰ ਦੇ 12 ਸੈਂਪਲ ਲਏ l ਲਏ ਗਏ ਸੈਂਪਲ ਜਾਂਚ ਲਈ ਖਰੜ ਦੀ ਲੈਬ ਵਿਚ ਭੇਜ ਦਿਤੇ ਗਏ l
ਡੀ.ਐਚ.ਓ. ਨੇ ਕਾਰੋਬਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਗਈ ਕਿ ਮਿਲਾਵਟੀ ਤੇ ਬੇਮਿਆਰੀ ਦੁੱਧ ਤੇ ਪਨੀਰ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਮਿਲਾਵਟੀ ਤੇ ਬੇਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਖ ਵੱਖ ਫ਼ੂਡ ਐਸੋਸੀਏਸ਼ਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੁੱਧ ਚੀਜ਼ਾਂ ਦੀ ਬਣਾਵਟ ਅਤੇ ਵਿਕਰੀ ਯਕੀਨੀ ਬਣਾਉਣl ਉਨ੍ਹਾਂ ਕਿਹਾ ਕਿ ਜਾਂਚ ਦਾ ਮੰਤਵ ਕਿਸੇ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਮਿਆਰੀ ਚੀਜ਼ਾਂ ਦੀ ਵਿਕਰੀ ਯਕੀਨੀ ਕਰਨਾ ਹੈ l ਉਨ੍ਹਾਂ ਕਿਹਾ ਦੁਕਾਨਦਾਰ ਸਾਫ਼-ਸਫ਼ਾਈ ਵਲ ਵੀ ਵਿਸ਼ੇਸ਼ ਧਿਆਨ ਦੇਣ। ਉਨ੍ਹਾਂ ਲੋਕਾਂ ਨੂੰ ਵੀ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਫ਼ੂਡ ਸੇਫਟੀ ਅਫ਼ਸਰ ਰਵੀਨੰਦਨ ਗੋਇਲ ਤੇ ਲਵਪ੍ਰੀਤ ਸਿੰਘ ਵੀ ਮੌਜੂਦ ਸਨ l