ਮੁੰਬਈ,5 ਜੂਨ,ਦੇਸ਼ ਕਲਿਕ ਬਿਊਰੋ:
ਮਹਾਭਾਰਤ 'ਚ ਸ਼ਕੁਨੀ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਅੱਜ ਸੋਮਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਪੇਂਟਲ ਪਿਛਲੇ 8 ਦਿਨਾਂ ਤੋਂ ਮੁੰਬਈ ਦੇ ਅੰਧੇਰੀ ਦੇ ਹਸਪਤਾਲ 'ਚ ਭਰਤੀ ਸਨ।ਗੁਫੀ ਨੂੰ ਦਿਲ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਸਨ। ਗੁਫੀ ਦੇ ਭਤੀਜੇ, ਹਿਤੇਨ ਪੇਂਟਲ ਅਤੇ ਉਸਦੇ ਮਹਾਭਾਰਤ ਸਹਿ-ਸਟਾਰ ਸੁਰਿੰਦਰ ਪਾਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ।ਗੁਫੀ ਦੀ ਸਿਹਤ ਇੱਕ ਹਫ਼ਤਾ ਪਹਿਲਾਂ ਵਿਗੜ ਗਈ ਸੀ। ਉਸ ਸਮੇਂ ਉਹ ਫਰੀਦਾਬਾਦ ਵਿੱਚ ਸਨ। ਪਹਿਲਾਂ ਉਨ੍ਹਾਂ ਨੂੰ ਫਰੀਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਰ ਤਬੀਅਤ ਖਰਾਬ ਹੋਣ 'ਤੇ ਉਨ੍ਹਾਂ ਨੂੰ ਮੁੰਬਈ ਲਿਆਂਦਾ ਗਿਆ।ਗੁਫੀ ਨੇ 1975 'ਚ 'ਰਫੂ ਚੱਕਰ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਉਹ 80 ਦੇ ਦਹਾਕੇ ਵਿੱਚ ਕਈ ਫਿਲਮਾਂ ਅਤੇ ਟੀਵੀ ਸ਼ੋਆਂ ਵਿੱਚ ਨਜ਼ਰ ਆਏ। ਹਾਲਾਂਕਿ, ਗੁਫੀ ਨੂੰ ਅਸਲੀ ਪਛਾਣ 1988 ਵਿੱਚ ਬੀਆਰ ਚੋਪੜਾ ਦੇ ਸੁਪਰਹਿੱਟ ਸ਼ੋਅ 'ਮਹਾਭਾਰਤ' ਤੋਂ ਮਿਲੀ। ਉਸਨੇ ਸ਼ੋਅ ਵਿੱਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਇਆ ਸੀ। ਗੁਫੀ ਨੂੰ ਆਖਰੀ ਵਾਰ ਸਟਾਰ ਭਾਰਤ ਦੇ ਸ਼ੋਅ 'ਜੈ ਕਨ੍ਹਈਆ ਲਾਲ ਕੀ' 'ਚ ਦੇਖਿਆ ਗਿਆ ਸੀ।