ਮੀਟਿੰਗ 'ਚ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਵੱਲੋਂ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਕਾਰਜ਼ਾਂ ਦੀ ਪੇਸ਼ ਕੀਤੀ ਅਹਿਮ ਝਲਕ
'ਏਡਜ਼ ਜਾਗਰੂਕਤਾ ਬੈਜ਼' ਸਕਾਊਂਟਿੰਗ ਲਹਿਰ ਰਾਹੀਂ ਹਰ ਨੌਜਵਾਨ ਤੱਕ ਹੋ ਰਹੇ ਨੇ ਰੂਬਰੂ- ਉਂਕਾਰ ਸਿੰਘ, ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ
ਮੁਹਾਲੀ, 31 ਮਈ: ਦੇਸ਼ ਕਲਿੱਕ ਬਿਓਰੋ
ਵਿਸ਼ਵ ਭਰ ਅੰਦਰ ਏਡਜ਼ ਕੰਟਰੋਲ ਅਤੇ ਜਾਗਰੂਕਤਾ ਲਈ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਏਡਜ਼ ਕੰਟਰੋਲ ਸੁਸਾਇਟੀ ਦੇ ਮੁੱਖ ਦਫ਼ਤਰ ਸੈਕਟਰ 38 ਚੰਡੀਗੜ੍ਹ ਵਿਖੇ 'ਜੁਆਇੰਟ ਵਰਕਿੰਗ ਨੌਜਵਾਨ ਗਰੁੱਪ' ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਆਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ: ਬੋਬੀ ਗੁਲਾਟੀ ਦੀ ਚੇਅਰਮੈਨਸ਼ਿੱਪ ਅਧੀਨ ਕੀਤੀ ਗਈ। ਜਿਸ ਵਿੱਚ ਡੀਪੀਈ ਕਾਲਜ, ਐਸ ਸੀ ਈ ਆਰ ਟੀ ਪੰਜਾਬ, ਯੂਥ ਸਰਵਿਸ, ਰਿਜ਼ਨਲ ਡਾਇਰੈਕਟਰ ਐੱਨ ਆਈ ਐੱਸ, ਸਪੋਰਟਸ ਵਿਭਾਗ ਪੰਜਾਬ, ਐਨ ਵਾਈ ਕੇ ਐੱਸ ਪੰਜਾਬ, ਡਾਇਰੈਕਟਰ ਐਨਐੱਸਐੱਸ, ਐੱਨਸੀਸੀ, ਰਾਸ਼ਟਰੀ ਕਿਸ਼ੋਰ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਚਿੱਤਕਾਰਾ ਯੂਨੀਵਰਸਿਟੀ, ਤਕਨੀਕੀ ਯੂਨੀਵਰਸਿਟੀ ਜਲੰਧਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਖ ਵੱਖ ਵਿਭਾਗਾਂ ਤੋਂ ਇਲਾਵਾ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦਾ ਅਦਾਰਾ ਸ਼ਾਮਿਲ ਹੋਇਆ। ਇਸ ਉੱਚ ਪੱਧਰੀ ਮੀਟਿੰਗ ਦਾ ਉਦੇਸ਼ ਵੱਖ ਵੱਖ ਅਦਾਰਿਆਂ 'ਚ ਏਡਜ਼ ਪ੍ਰਤੀ ਬਹੁ ਸੰਪਰਦਾਇਕ ਮੌਖਿਕ ਪ੍ਰਤੀਕਿਰਿਆ ਪੈਦਾ ਕਰਨੀ ਸੀ। ਜਿਸ ਵਿੱਚ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਜਾਗਰੂਕ ਕਰਕੇ ਦੱਸਿਆ ਗਿਆ ਕਿ ਉਹ ਐੱਚਆਈਵੀ ਦੇ ਰੋਕਥਾਮ ਲਈ ਆਪੋ ਆਪਣੇ ਅਦਾਰਿਆਂ ਵਿੱਚ ਵਿਸ਼ੇਸ਼ ਗਤੀਵਿਧੀਆਂ, ਟੈਸਟਿੰਗ ਕੈਂਪਾਂ, ਖੇਡ ਟੂਰਨਾਮੈਂਟਾਂ, ਪਿੰਡ ਤੇ ਬਲਾਕ ਪੱਧਰ ਤੇ ਲੈਕਚਰਾਂ, ਵਿਸ਼ੇਸ਼ ਦਿਨ ਜਿਵੇਂ ਨਸ਼ਾ ਵਿਰੋਧੀ ਦਿਵਸ, ਰਾਸ਼ਟਰੀ ਯੁਵਾ ਦਿਵਸ, ਵਿਸ਼ਵ ਏਡਜ਼ ਦਿਵਸ ਤੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮੀਟਿੰਗ ਦੌਰਾਨ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਹਾਜ਼ਰੀ ਵਿੱਚ ਇਸ ਗੱਲ ਤੇ ਤਸੱਲੀ ਪ੍ਰਗਟ ਕਰਕੇ ਮਾਣ ਮਹਿਸੂਸ ਕੀਤਾ ਗਿਆ ਕਿ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਪਹਿਲਾਂ ਤੋਂ ਹੀ ਇਸ ਅਹਿਮ ਵਿਸ਼ੇ ਤਹਿਤ ਆਪਣੀ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ। ਜੁਆਇੰਟ ਵਰਕਿੰਗ ਨੌਜਵਾਨ ਗਰੁੱਪ ਦੀ ਇਸ ਅਹਿਮ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੀ ਹਾਜ਼ਰੀ 'ਚ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਪੀਪੀਟੀ ਸਭ ਦੇ ਰੂਬਰੂ ਕਰਦਿਆਂ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਗਿਆ ਕਿ ਉਹ ਵੀ ਸਮਾਜ ਲਈ ਆਪਣਾ ਅਹਿਮ ਕਿਰਦਾਰ ਨਿਭਾ ਸਕਦੇ ਹਨ। ਮੀਟਿੰਗ ਦੌਰਾਨ ਭਾਰਤ ਦੀ ਸਕਾਊਂਟਿੰਗ ਲਹਿਰ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਅਤੇ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਉਂਕਾਰ ਸਿੰਘ ਨੇ ਦੱਸਿਆ ਕਿ ਸਕਾਊਂਟ ਦੇ ਵੱਖ-ਵੱਖ ਕੈਂਪਾਂ, ਕਾਰਜ਼ਾਂ ਤੇ ਗਤੀਵਿਧੀਆਂ ਵਿੱਚ ਐਚ ਆਈ ਵੀ ਦਾ ਸਿਲੇਬਸ ਪਹਿਲਾਂ ਤੋਂ ਹੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਵੱਲੋਂ ਆਪਣੀਆਂ ਗਤੀਵਿਧੀਆਂ ਵਿੱਚ ਪਹਿਲਾਂ ਤੋਂ ਹੀ 'ਏਡਜ਼ ਜਾਗਰੂਕਤਾ ਬੈਜ਼' ਜਾਰੀ ਕੀਤੇ ਹੋਏ ਹਨ। ਇਹ ਬੈਜ਼ ਤ੍ਰਿਤਿਆ ਸੋਪਾਨ ਟੈਸਟ, ਰੋਵਰ ਬੈਜ਼, ਰਾਜ ਪੁਰਸਕਾਰ ਟੈਸਟ ਅਤੇ ਰਾਸ਼ਟਰਪਤੀ ਸਕਾਊਂਟ ਅਵਾਰਡ ਟੈਸਟ ਦੇ ਵੱਡੇ ਮੁਕਾਮ ਤਹਿਤ ਨੌਜਵਾਨਾਂ ਨੂੰ ਇੱਕ ਅਹਿਮ ਦਿਸ਼ਾ ਪ੍ਰਦਾਨ ਕਰਦੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਰਤ ਸਕਾਊਂਟ ਐਂਡ ਗਾਈਡ ਲਹਿਰ ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨੀ ਲਹਿਰ ਹੈ, ਇਸ ਲਹਿਰ ਜ਼ਰੀਏ ਨੌਜਵਾਨ, ਵਿਦਿਆਰਥੀ ਅਤੇ ਬੱਚੇ ਜੁੜ ਕੇ ਜਿੱਥੇ ਆਪਣੇ ਆਪ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਦੂਰ ਹੋ ਜਾਂਦੇ ਹਨ ਉੱਥੇ ਉਹ ਦੂਜਿਆਂ ਨੂੰ ਪ੍ਰੇਰਿਤ ਕਰਕੇ ਦੇਸ਼ ਦੇ ਭਵਿੱਖ ਨੂੰ ਉੱਜਵਲ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਐਨਰਜ਼ੀ, ਨਵੀਂ ਤਬਦੀਲੀ, ਖੂਬਸੂਰਤ ਦਿੱਖ ਤੇ ਉੱਤਮ ਸੋਚ ਪ੍ਰਦਾਨ ਕਰਨ ਲਈ ਪੰਜਾਬ ਰਾਜ ਦੀ ਸਕਾਊਂਟਿੰਗ ਲਹਿਰ ਦੇਸ਼ ਅਤੇ ਵਿਸ਼ਵ ਭਰ 'ਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਮੀਟਿੰਗ ਦੌਰਾਨ ਹਾਜ਼ਰ ਸਾਰੇ ਵਿਭਾਗਾਂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਆਪਣੇ ਆਪਣੇ ਅਦਾਰਿਆਂ ਵਿੱਚ ਪਹਿਲਾਂ ਨਾਲੋਂ ਵੀ ਹੋਰ ਸੁਹਿਰਦਾ ਨਾਲ ਕਾਰਜ਼ ਕਰ ਕੇ ਆਪਣੇ ਰਾਜ ਅਤੇ ਆਪਣੇ ਦੇਸ਼ ਨੂੰ ਵਿਸ਼ਵ ਭਰ ਦੀਆਂ ਅਗਲੇਰੀਆਂ ਵਿਕਾਸ ਦੀਆਂ ਕਤਾਰਾਂ ਵਿੱਚ ਲੈ ਆਉਣਗੇ।