ਚੰਡੀਗੜ੍ਹ, 25 ਮਈ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੀ ਇਲੈਕਟ੍ਰਿਕ ਵ੍ਹੀਕਲ (ਈਵੀ) ਪਾਲਿਸੀ ਮੁਤਾਬਕ ਸ਼ਹਿਰ ਵਿੱਚ ਜੂਨ ਤੋਂ ਬਾਅਦ ਪੈਟਰੋਲ ਦੋਪਹੀਆ ਵਾਹਨਾਂ ਦੀ ਵਿਕਰੀ ਬੰਦ ਹੋ ਜਾਵੇਗੀ। ਜੇਕਰ ਕੋਈ ਬਾਈਕ ਖਰੀਦਦਾ ਹੈ ਤਾਂ ਵੀ ਚੰਡੀਗੜ੍ਹ 'ਚ ਉਸ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ, ਕਿਉਂਕਿ ਈਵੀ ਨੀਤੀ ਮੁਤਾਬਕ ਸਾਲ 2023-24 ਦਾ ਟੀਚਾ ਜੂਨ 'ਚ ਪੂਰਾ ਹੋ ਸਕਦਾ ਹੈ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਸਿਰਫ਼ ਇਲੈਕਟ੍ਰਿਕ ਬਾਈਕ ਹੀ ਵੇਚੇ ਅਤੇ ਰਜਿਸਟਰ ਕੀਤੇ ਜਾਣਗੇ। ਇਸ ਕਾਰਨ ਹਰ ਕਿਸੇ ਦੇ ਦਿਲ ਦੀ ਧੜਕਣ ਵਧ ਗਈ ਹੈ।ਸਾਲ 2023-24 ਲਈ ਈਵੀ ਨੀਤੀ ਦੇ ਟੀਚੇ ਅਨੁਸਾਰ ਸ਼ਹਿਰ ਵਿੱਚ ਲਗਭਗ 6200 ਪੈਟਰੋਲ ਬਾਈਕ ਰਜਿਸਟਰਡ ਹੋ ਸਕਦੇ ਹਨ। ਇਸ ਤੋਂ ਬਾਅਦ ਪੈਟਰੋਲ ਬਾਈਕ ਦੀ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ। ਸਿਰਫ਼ ਇਲੈਕਟ੍ਰਿਕ ਬਾਈਕ ਹੀ ਰਜਿਸਟਰਡ ਹੋਣਗੇ। ਡੇਢ ਮਹੀਨੇ 'ਚ ਕਰੀਬ 3700 ਬਾਈਕ ਰਜਿਸਟਰਡ ਹੋ ਚੁੱਕੀਆਂ ਹਨ। ਅਜਿਹੇ 'ਚ ਹੁਣ ਸਿਰਫ 2500 ਪੈਟਰੋਲ ਬਾਈਕ ਹੀ ਰਜਿਸਟਰਡ ਹੋਣਗੀਆਂ।ਇਸ ਕਾਰਨ ਦੋਪਹੀਆ ਵਾਹਨਾਂ ਦੇ ਸ਼ੋਅਰੂਮ ਮਾਲਕਾਂ ਵਿੱਚ ਸ਼ਸ਼ੋਪੰਜ ਦਾ ਮਾਹੌਲ ਹੈ। ਜੇਕਰ ਪੈਟਰੋਲ ਬਾਈਕ ਵਿਕਣੇ ਬੰਦ ਹੋ ਗਏ ਤਾਂ ਕਈ ਸ਼ੋਅਰੂਮ ਵੀ ਬੰਦ ਕਰਨੇ ਪੈਣਗੇ। ਹਜ਼ਾਰਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਵੀ ਖ਼ਦਸ਼ਾ ਹੈ। ਦੋਪਹੀਆ ਵਾਹਨਾਂ ਦੇ ਡੀਲਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਲੈ ਕੇ ਮੰਤਰਾਲੇ ਤੱਕ ਗੇੜੇ ਮਾਰ ਰਹੇ ਹਨ।