ਮੋਰਿੰਡਾ, 27 ਅਪ੍ਰੈਲ ( ਭਟੋਆ )
ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐੱਮ.ਓ. ਸ੍ਰੀ ਚਮਕੌਰ ਸਾਹਿਬ ਡਾ. ਗੋਬਿੰਦ ਟੰਡਨ ਦੀ ਅਗਵਾਈ ਹੇਠ ਹੈਲਥ ਐਂਡ ਵੈਲਨੈੱਸ ਸੈਂਟਰ ਕਾਈਨੌਰ ਵਲੋਂ ਇੰਦਰਾ ਹਾਈ ਸਕੂਲ ਵਿਖੇ ਮਲੇਰੀਆ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਐੱਸ.ਆਈ. ਅਤੇ ਲਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਮਲੇਰੀਆ ਐਨਾਫਲਾਈਜ਼ ਕਿਸਮ ਦੇ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਬੁਖਾਰ ਵਿੱਚ ਠੰਡ ਅਤੇ ਤੇਜ ਕਾਂਬਾ ਲੱਗਦਾ ਹੈ, ਸਿਰ ਦਰਦ ਤੇ ਉਲਟੀਆਂ ਲੱਗਦੀਆਂ ਹਨ। ਉਹਨਾਂ ਦੱਸਿਆ ਕਿ ਮਲੇਰੀਆ ਦੇ ਰੋਗੀ ਨੂੰ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਮਲੇਰੀਆ ਰੋਗ ਤੋਂ ਬਚਾਅ ਲਈ ਆਪਣੇ ਆਸੇ-ਪਾਸੇ ਸਾਫ ਸਫਾਈ ਰੱਖਣੀ ਚਾਹੀਦੀ ਹੈ ਅਤੇ ਛੱਪੜਾਂ ਵਿੱਚ ਖੜੇ ਪਾਣੀ ’ਤੇ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ, ਕੁਲਵਿੰਦਰ ਸਿੰਘ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।