ਵੱਖੋ-ਵੱਖ ਪਿੰਡਾਂ ਵਿੱਚ ਲਗਾਤਾਰ ਲਾਏ ਜਾ ਰਹੇ ਨੇ ਕੈਂਪ
ਬੀਮਾ ਸਕੀਮਾਂ ਬਾਬਤ ਕੀਤਾ ਜਾ ਰਿਹੈ ਜਾਗਰੂਕ
ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਐੱਸ.ਏ.ਐੱਸ. ਨਗਰ, 16 ਅਪਰੈਲ, ਦੇਸ਼ ਕਲਿੰਕ ਬਿਓਰੋ
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹੇ ਵਿੱਚ ਜਨ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਲਹਿਰ ਜ਼ੋਰਾਂ ਉਤੇ ਹੈ, ਜਿਸ ਤਹਿਤ ਜ਼ਿਲ੍ਹੇ ਦੇ ਵੱਖੋ-ਵੱਖ ਪਿੰਡਾਂ ਵਿੱਚ ਲਾਗਤਾਰ ਕੈਂਪ ਲਾ ਕੇ ਲੋਕਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਬਾਰੇ ਜਾਗਰੂਕ ਕਰ ਕੇ ਲਾਭ ਲੈਣ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਬਾਬਤ ਹੁਣ ਤੱਕ ਜ਼ਿਲ੍ਹੇ ਦੇ ਕਰੀਬ 50 ਪਿੰਡਾਂ ਵਿੱਚ ਕੈਂਪ ਲਾਏ ਜਾ ਚੁੱਕੇ ਹਨ ਤੇ ਬਾਕੀ ਪਿੰਡਾਂ ਵਿੱਚ ਲਾਗਾਤਾਰ ਕੈਂਪ ਲਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਾਲਾਨਾ 20 ਰੁਪਏ ਪ੍ਰੀਮੀਅਮ ਵਿੱਚ 02 ਲੱਖ ਰੁਪਏ ਦਾ ਦੁਰਘਟਨਾ ਬੀਮਾ ਕੀਤਾ ਜਾਂਦਾ ਹੈ। ਇਹ ਉਨ੍ਹਾਂ ਸਾਰੇ ਬੈਂਕ ਖਾਤਾ ਧਾਰਕਾਂ ਲਈ ਹੈ, ਜਿਨ੍ਹਾਂ ਦੀ ਉਮਰ 18 ਤੋਂ 70 ਸਾਲ ਹੈ ਤੇ ਦੁਰਘਟਨਾ ਤਹਿਤ ਸਥਾਈ ਅਪਾਹਜ ਹੋਣਾ ਵੀ ਬੀਮਾ ਕਵਰ ਵਿੱਚ ਸ਼ਾਮਲ ਹੈ। ਪ੍ਰੀਮੀਅਮ ਰਾਸ਼ੀ ਸਬੰਧੀ ਖਾਤਾਧਾਰਕ ਦੇ ਬੱਚਤ ਖਾਤੇ ਵਿੱਚੋਂ ਆਟੋ ਡੈਬਿਟ ਦੀ ਸਹੂਲਤ ਹੈ ਤੇ ਕੋਈ ਵੀ ਵਿਅਕਤੀ ਕੇਵਲ ਇੱਕ ਬੈਂਕ ਖਾਤੇ ਵਿੱਚ ਇਹ ਸਹੂਲਤ ਲੈ ਸਕਦਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 436 ਰੁਪਏ ਸਾਲਾਨਾ ਪ੍ਰੀਮੀਅਮ ਤਹਿਤ 02 ਲੱਖ ਰੁਪਏ ਦਾ ਜੀਵਨ ਬੀਮਾ ਕੀਤਾ ਜਾਂਦਾ ਹੈ। ਇਹ ਉਨ੍ਹਾਂ ਸਾਰੇ ਬੈਂਕ ਖਾਤਾ ਧਾਰਕਾਂ ਲਈ ਹੈ, ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੈ। ਬੀਮਾ ਧਾਰਕ ਤੋਂ ਬਾਅਦ ਪਰਿਵਾਰ ਨੂੰ ਬੀਮਾ ਰਾਸ਼ੀ ਮਿਲਦੀ ਹੈ। ਪ੍ਰੀਮੀਅਮ ਰਾਸ਼ੀ ਸਬੰਧੀ ਖਾਤਾਧਾਰਕ ਦੇ ਬੱਚਤ ਖਾਤੇ ਵਿੱਚੋਂ ਆਟੋ ਡੈਬਿਟ ਦੀ ਸਹੂਲਤ ਹੈ ਤੇ ਕੋਈ ਵੀ ਵਿਅਕਤੀ ਕੇਵਲ ਇੱਕ ਬੈਂਕ ਖਾਤੇ ਵਿੱਚ ਇਹ ਸਹੂਲਤ ਲੈ ਸਕਦਾ ਹੈ।