ਮੋਰਿੰਡਾ 16 ਅਪ੍ਰੈਲ ( ਭਟੋਆ )
ਪਿੰਡ ਸਹੇੜੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਐਮਾ ਸਾਹਿਬ ਦੇ ਹੈੱਡ ਗ੍ੰਥੀ ਤੇ ਸਾਥੀਆਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਜਾਅਲੀ ਵੀਜੇ ਰਾਂਹੀ 15 ਲੱਖ ਰੁਪਏ ਦੀ ਠੱਗੀ ਮਾਰਨ ਲਈ ਪਿੰਡ ਰੰਗੀਆਂ ਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਪੀੜਤਾਂ ਵੱਲੋਂ ਘੰਟਿਆਂਬੱਧੀ ਧਰਨਾ ਦਿੱਤਾ ਗਿਆ। ਮੋਰਿੰਡਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਗਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਇਸ ਸਬੰਧੀ ਐਸਐਸਪੀ ਰੋਪੜ ਅਤੇ ਪਿੰਡ ਰੰਗੀਆਂ ਦੀ ਪੰਚਾਇਤ ਨੂੰ ਭੇਜੇ ਪੱਤਰ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡਦਿਆਂ ਕਸ਼ਮੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਗੁਰਦੁਆਰਾ ਸ੍ਰੀ ਐਮਾ ਸਾਹਿਬ ਵਿਖੇ ਮਾਮੂਲੀ ਤਨਖਾਹ ਉੱਤੇ ਹੈੱਡ ਗ੍ੰਥੀ ਵਜੋਂ ਕੰਮ ਕਰ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਹੀ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਉਹ ਪਿੰਡ ਰੰਗੀਆਂ ਦੀ ਇੱਕ ਵਿਆਹੁਤਾ ਲੜਕੀ ਦੇ ਸੰਪਰਕ ਵਿੱਚ ਆਇਆ ਜੋ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀ ਸੀ। ਗ੍ੰਥੀ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਮਨਦੀਪ ਕੌਰ ਪਤਨੀ ਰਾਜਿੰਦਰ ਸਿੰਘ ਔਲਖ ਨੇ ਉਸਨੂੰ ਪਰਿਵਾਰ ਸਮੇਤ ਵਿਦੇਸ਼ ਭੇਜਣ ਲਈ ਉਸ ਕੋਲੋਂ 15 ਲੱਖ ਰੁਪਏ ਅਤੇ ਉਸਦੇ ਸਾਥੀ ਸੁਖਵਿੰਦਰ ਸਿੰਘ ਤੋਂ 5 ਲੱਖ ਅਤੇ ਗੁਰਵਿੰਦਰ ਸਿੰਘ ਕੋਲੋਂ 2 ਲੱਖ ਰੁਪਏ ਅਤੇ ਪਾਸਪੋਰਟ ਲੈਕੇ ਉਨ੍ਹਾਂ ਨੂੰ ਅਸਟਰੇਲੀਆ ਦਾ ਨਕਲੀ ਵੀਜਾ ਦਿਖਾ ਕੇ ਫਲਾਇਟ ਕਰਵਾਉਣ ਲਈ 4 ਦਿਨਾਂ ਲਈ ਗੋਆ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਗੋਆ ਤੋਂ ਫਲਾਇਟ ਰੱਦ ਹੋਣ ਬਾਰੇ ਦੱਸ ਕੇ ਰਾਜਿੰਦਰ ਸਿੰਘ ਔਲਖ ਉਨ੍ਹਾਂ ਨੂੰ ਦਿੱਲੀ ਲੈ ਆਇਆ ਅਤੇ ਉਨ੍ਹਾਂ ਨੂੰ ਬਿਨਾ ਦੱਸਿਆਂ ਖੁਦ ਉੱਥੋਂ ਵਾਪਸ ਮੋਰਿੰਡਾ ਆ ਗਿਆ।
ਕਸ਼ਮੀਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਪੈਸੇ ਤੇ ਪਾਸਪੋਰਟ ਮੰਗੇ ਤਾਂ ਬਾਦ ਵਿੱਚ ਰਾਜਿੰਦਰ ਸਿੰਘ ਔਲਖ ਨੇ ਉਨ੍ਹਾਂ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ।
ਉਨ੍ਹਾਂ ਜਿਲ੍ਹੇ ਦੇ ਐਸਐਸਪੀ ਤੋਂ ਉਨ੍ਹਾਂ ਦੇ ਪੈਸੇ ਤੇ ਪਾਸਪੋਰਟ ਵਾਪਸ ਕਰਵਾਉਣ ਅਤੇ ਜਾਅਲਸਾਜ਼ੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉੱਧਰ ਜਦੋਂ ਇਸ ਸਬੰਧੀ ਇੰਸਪੈਕਟਰ ਗੁਰਸੇਵਕ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਵੱਲੋਂ ਦਿੱਤੀ ਦਰਖਾਸਤ ਤੇ ਜਲਦੀ ਹੀ ਲੋੜੀਂਦੀ ਕਾਰਵਾਈ ਅਮਲ ਲਿਆਂਦੀ ਜਾ ਰਹੀ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਧਰਨਾਕਾਰੀ ਖਬਰ ਲਿਖੇ ਜਾਣ ਤੱਕ ਧਰਨੇ ਤੇ ਡਟੇ ਹੋਏ ਸਨ। ਉਕਤ ਮਾਮਲੇ ਸੰਬੰਧੀ ਜਦੋਂ ਕਥਿਤ ਧੋਖਾਦੇਹੀ ਕਰਨ ਵਾਲਿਆਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਧਰਨਾਕਾਰੀਆਂ ਵੱਲੋਂ ਦਿੱਤੇ ਫੋਨ ਬੰਦ ਪਾਏ ਗਏ।