ਚੰਡੀਗੜ੍ਹ,15 ਅਪ੍ਰੈਲ,ਦੇਸ਼ ਕਲਿਕ ਬਿਊਰੋ:
ਗਰਮੀਆਂ ਸ਼ੁਰੂ ਹੁੰਦੇ ਹੀ ਚੰਡੀਗੜ੍ਹ ਵਿੱਚ ਪਾਣੀ ਦੀ ਮੰਗ ਵਧ ਗਈ ਹੈ। ਅਜਿਹੇ ਵਿੱਚ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅੱਜ ਸ਼ਨੀਵਾਰ ਤੋਂ ਰੋਜ਼ਾਨਾ ਸਵੇਰੇ 5:30 ਤੋਂ 8:30 ਵਜੇ ਤੱਕ ਨਗਰ ਨਿਗਮ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ ਅਤੇ ਇਸ ਦੌਰਾਨ ਜੋ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਦੇਖਿਆ ਗਿਆ ਉਸ ਨੂੰ 5,250 ਰੁਪਏ ਜੁਰਮਾਨਾ ਕੀਤਾ ਜਾਵੇਗਾ।ਨਗਰ ਨਿਗਮ ਨੇ ਇਸ ਲਈ 18 ਐੱਸ.ਡੀ.ਈਜ਼ ਸਮੇਤ ਵੱਖ-ਵੱਖ ਜੇ.ਈਜ਼ ਅਤੇ ਹੋਰ ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਹਨ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਵੇਰੇ ਸਾਢੇ ਪੰਜ ਵਜੇ ਪਾਣੀ ਆਉਂਦਾ ਹੈ, ਇਸ ਲਈ ਟੀਮਾਂ ਵੀ ਸਵੇਰੇ ਤਿੰਨ ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਣਗੀਆਂ। ਨਿਗਮ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਤਾਜ਼ੇ ਪਾਣੀ ਨਾਲ ਵਾਹਨਾਂ ਅਤੇ ਵਿਹੜਿਆਂ ਨੂੰ ਧੋਂਦਾ ਜਾਂ ਲਾਅਨ ਨੂੰ ਪਾਣੀ ਲਾਉਂਦਾ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ, ਸਗੋਂ ਉਸ ਦਾ ਸਿੱਧਾ 5,250 ਰੁਪਏ ਦਾ ਚਲਾਨ ਕੱਟਿਆ ਜਾਵੇਗਾ।ਚਲਾਨ ਦੀ ਰਕਮ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਦੇ ਵਾਟਰ ਮੀਟਰ ਚੈਂਬਰ ਵਿੱਚ ਲੀਕੇਜ ਜਾਂ ਟੈਂਕੀ ਓਵਰਫਲੋ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਸਬੰਧਤ ਵਿਅਕਤੀ ਨੂੰ ਦੋ ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ ਦੋ ਦਿਨਾਂ ਦੇ ਅੰਦਰ ਲੀਕ ਬੰਦ ਨਾ ਕੀਤੀ ਗਈ ਤਾਂ 5,250 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।