ਮੋਰਿੰਡਾ , 3 ਅਪਰੈਲ ( ਭਟੋਆ )
ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਐਨ ਪੀ ਐਸ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਐਲਾਨ ਅਤੇ ਅਧੂਰੇ ਨੋਟੀਫਿਕੇਸ਼ਨ ਦੇ ਪੰਜ ਮਹੀਨੇ ਬੀਤ ਜਾਣ ਤੇ ਵੀ ਪੁਰਾਣੀ ਪੈਨਸ਼ਨ ਲਾਗੂ ਨਾ ਕਰਨ ਤੇ ਜਿਲਾ ਕਨਵੀਨਰ ਗੁਰਿੰਦਰ ਪਾਲ ਸਿੰਘ ਖੇੜੀ ਦੀ ਅਗਵਾਈ ਹੇਠ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਕਰਦਿਆਂ ਨਾਅਰੇਬਾਜੀ ਕੀਤੀ। ਸ੍ਰੀ ਖੇੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਅਪਰੈਲ ਮਹੀਨੇ ਤੋਂ ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣਾ, ਐਨ ਪੀ ਐਸ ਕਟੌਤੀ ਦਾ ਬੰਦ ਨਾ ਹੋਣਾ ਪੰਜਾਬ ਸਰਕਾਰ ਦੁਅਰਾ ਪੈਨਸ਼ਨ ਬਹਾਲੀ ਪ੍ਰਤੀ ਅਪਨਾਈ ਜਾ ਰਹੀ ਡੰਗ ਟਪਾਉ ਨੀਤੀ ਜ਼ਾਹਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਤੂਬਰ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਨ ਪੀ ਐਸ ਮੁਲਾਜਮਾਂ ਲਈ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਜਦੋਂ ਪੰਜ ਮਹੀਨੇ ਬੀਤ ਜਾਣ ਬਾਅਦ ਵੀ ਪੁਰਾਣੀ ਪੈਂਨਸ਼ਨ ਬਹਾਲੀ ਨੂੰ ਅਮਲੀ ਜਾਮਾਂ ਪੈੰਦਾ ਨਾ ਦਿੱਸਿਆ ਤਾਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 26 ਫਰਵਰੀ ਨੂੰ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋੰ ਬਾਅਦ ਸਰਕਾਰ ਵੱਲੋਂ ਡੀ ਸੀ ਸੰਗਰੂਰ ਦੇ ਰਾਹੀਂ 16 ਮਾਰਚ ਨੂੰ ਮੀਟਿੰਗ ਦਾ ਸਮਾਂ ਦਿੱਤਾ ਜੋ ਕਿ ਬਾਅਦ ਵਿੱਚ ਬਾਰ ਬਾਰ ਬਦਲਦਿਆਂ 29 ਮਾਰਚ ਅਤੇ 6 ਅਪ੍ਰੈਲ ਕੀਤਾ ਗਿਆ। ਇਸ ਗੱਲ ਦੇ ਰੋਸ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਐਕਸ਼ਨ ਦਾ ਐਲਾਨ ਕੀਤਾ ਹੈ। ਇਸ ਤਹਿਤ ਸਮੂਹ ਐਨ ਪੀ ਐਸ ਮੁਲਾਜ਼ਮਾਂ ਵੱਲੋਂ ਅੱਜ ਕਾਲੇ ਬਿੱਲੇ ਲਗਾ ਕੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ । ਉਨ੍ਹਾਂ ਦੱਸਿਆ ਕਿ ਜੇਕਰ ਜਲਦੀ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ 22 ਅਪਰੈਲ ਨੂੰ ਜਲੰਧਰ ਵਿਖੇ ਜਬਰਦਸਤ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਬਲਵੰਤ ਸਿੰਘ , ਪੁਸ਼ਵਿੰਦਰ ਸਿੰਘ , ਸ਼ਤੀਸ਼ ਕੁਮਾਰ , ਰਾਜਦੀਪ ਕੌਰ , ਕਿਰਨਜੋਤ ਕੌਰ , ਹਰਨੇਕ ਸਿੰਘ , ਰਾਜਵੀਰ ਸਿੰਘ ਚੌਤਾ ਅਤੇ ਅਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।