ਸਰਕਾਰ ਪੈਰਾ ਅਥਲੈਟਿਕਸ ਖਿਡਾਰੀਆਂ ਨੂੰ ਵੀ ਦੇਵੇ ਸਰਕਾਰੀ ਨੌਕਰੀ ਤੇ ਮਾਣ ਸਨਮਾਨ: ਖੇਡ ਪੇ੍ਮੀ
ਮੋਰਿੰਡਾ 2 ਅਪ੍ਰੈਲ ( ਭਟੋਆ)
ਮੋਰਿੰਡਾ ਸ਼ਹਿਰ ਦੇ ਹੋਣਹਾਰ ਨੌਜਵਾਨ ਵਿਸ਼ਵ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਹੋਈਆਂ ਇੰਟਰ ਯੂਨੀਵਰਸਿਟੀ (ਸਪੈਸ਼ਲ ਸਪਾਈਨਲ ਕਾਰਡ ਇੰਜਰੀ) ਖੇਡਾਂ (ਓਪਨ ਨੈਸ਼ਨਲ) ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਮੋਰਿੰਡਾ ਸ਼ਹਿਰ ਅਤੇ ਜਿਲਾ ਰੂਪਨਗਰ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਰਾ ਖਿਡਾਰੀ ਵਿਸ਼ਵ ਦੇ ਪਿਤਾ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਲਵਲੀ ਯੂਨੀਵਰਸਿਟੀ ਦੀ ਮਾਲਕ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਵਿਸ਼ਵ ਦੀ ਇਸ ਖੇਡ ਪ੍ਰਤੀ ਲਗਨ ਤੋਂ ਪ੍ਰਭਾਵਿਤ ਹੋਕੇ, ਯੂਨਵਰਸਿਟੀ ਵਿੱਚ ਡਿਗਰੀ ਜਾਂ ਡਿਪਲੋਮਾ ਕਿਸੇ ਵੀ ਤਰ੍ਹਾਂ ਦੀ ਪੜਾਈ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਹੈ । ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਪਾਈਨਲ ਕਾਰਡ ਇੰਜਰੀ ਦੇ ਦਿਵਿਆਂਗ ਖਿਡਾਰੀਆਂ ਦੀਆਂ ਲਵਲੀ ਯੂਨੀਵਰਸਿਟੀ ਵਿੱਚ ਸਾਲ ਵਿੱਚ ਇੱਕ ਵਾਰ ਖੇਡਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਪੂਰੇ ਦੇਸ਼ ਵਿੱਚੋਂ ਖਿਡਾਰੀ ਸ਼ਮੂਲੀਅਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸਪਾਈਨਲ ਕਾਰਡ ਇੰਜਰੀ ਦੇ ਦਿਵਿਆਂਗ ਖਿਡਾਰੀਆਂ ਦੇ ਮੁਕਾਬਲੇ ਦੂਜੇ ਦਿਵਿਆਂਗ ਖਿਡਾਰੀ ਜਿਆਦਾ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਨਾਲ ਹੋਏ ਸਖਤ ਮੁਕਾਬਲੇ ਵਿੱਚੋਂ ਵਿਸ਼ਵ ਵੱਲੋਂ ਸਿਲਵਰ ਮੈਡਲ ਹਾਸਿਲ ਕਰਨਾ ਇੱਕ ਮਾਣ ਕਰਨ ਯੋਗ ਪ੍ਰਾਪਤੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵਿਸ਼ਵ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਕਾਸ਼ੀ ਕੈਂਪਸ ਸ੍ਰੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਆਯੋਜਿਤ ਕੀਤੀ ਗਈ ਦੂਜੀ ਪੈਰਾ ਅਥਲੈਟਿਕਸ ਪੰਜਾਬ ਸਟੇਟ ਚੈਂਪੀਅਨਸ਼ਿਪ ਵਿਚ ਦੋ ਵੱਖ ਵੱਖ ਖੇਡ ਮੁਕਾਬਲਿਆਂ ਡਿਸਕਸ ਥਰੋਅ ਅਤੇ ਸ਼ਾਟਪੁੱਟ ਦੇ ਸਖਤ ਮੁਕਾਬਲਿਆਂ ਵਿਚੋਂ ਗੋਲਡ ਮੈਡਲ ਜਿੱਤ ਚੁੱਕਾ ਹੈ।
ਇਸੇ ਦੌਰਾਨ ਸ਼ਹੀਦ ਭਗਤ ਸਿੰਘ ਹੈਡਬਾਲ ਕਲੱਬ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਮਾਸਟਰ ਗੁਰਚਰਨ ਸਿੰਘ, ਰਜਨੀਸ਼ ਕੁਮਾਰ , ਲੱਖੀ ਸ਼ਾਹ ਅਤੇ ਮੋਨੂ ਖਾਨ, ਅਤੇ ਸਾਬਕਾ ਕੌਸਲਰ ਜਗਪਾਲ ਸਿੰਘ ਜੌਲੀ ਅਤੇ ਅਮਿ੍ਤਪਾਲ ਸਿੰਘ ਖੱਟੜਾ ਕੌਸਲਰ ਤੇ ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ ਨੇ ਇੰਟਰ ਯੂਨੀਵਰਸਿਟੀ (ਸਪੈਸ਼ਲ ਸਪਾਈਨਲ ਕਾਰਡ ਇੰਜਰੀ) ਖੇਡਾਂ ਵਿੱਚ ਮੋਰਿੰਡਾ ਦੇ ਖਿਡਾਰੀ ਵਿਸ਼ਵ ਵੱਲੋਂ ਚੈਂਪੀਅਨਸ਼ਿੱਪ ਵਿਚ ਸਿਲਵਰ ਮੈਡਲ ਜਿੱਤਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਖਿਡਾਰੀ ਨੂੰ ਦੂਸਰੇ ਖਿਡਾਰੀਆਂ ਦੀ ਤਰ੍ਹਾਂ ਹੀ ਸਰਕਾਰੀ ਨੌਕਰੀ ਅਤੇ ਨਕਦ ਇਨਾਮ ਦੇਣ ਦੀ ਅਪੀਲ ਕੀਤੀ ਹੈ।
ਵਰਨਣਯੋਗ ਹੈ ਕਿ ਗੁਆਂਢੀ ਸੂਬਾ ਹਰਿਆਣਾ ਅਤੇ ਰਾਜਸਥਾਨ ਵੱਲੋਂ ਪੈਰਾ ਖਿਡਾਰੀਆਂ ਦੇ ਲਈ ਬਕਾਇਦਾ ਖੇਡ ਨੀਤੀ ਤਿਆਰ ਕਰਕੇ ਇਨ੍ਹਾਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਤੇ ਆਰਥਿਕ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ ,ਪ੍ਰੰਤੂ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਇਨ੍ਹਾਂ ਖਿਡਾਰੀਆਂ ਲਈ ਕੋਈ ਨੀਤੀ ਇਜ਼ਾਦ ਨਹੀਂ ਕੀਤੀ ਗਈ, ਜਿਸ ਕਾਰਨ ਖੇਡਾਂ ਵਿੱਚ ਮਾਣਮੱਤੀਆਂ ਹਾਸਲ ਕਰਨ ਵਾਲੇ ਅਜਿਹੇ ਖਿਡਾਰੀ ਮਾਣ-ਸਨਮਾਨ ਤੋਂ ਵਾਂਝੇ ਰਹਿ ਜਾਂਦੇ ਹਨ।