ਚੰਡੀਗੜ੍ਹ: 2 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੋਹਾਲੀ ਵੱਲੋਂ ਅੱਜ ਕੇੰਦਰੀ ਸਿੰਘ ਸਭਾ ਸੈਕਟਰ 28 ਵਿੱਖੇ "ਦਹਿਸ਼ਤ ਤੇ ਨਫਰਤ" ਵਿਰੋਧੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਦਿਨਾਂ 'ਚ ਕੇੰਦਰੀ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਹਿਸ਼ਤ ਭਰਿਆ ਮਾਹੌਲ ਸਿਰਜਣ, ਨੀਮ ਫੌਜੀ ਦਲਾਂ ਦੀ ਤਾਇਨਾਤੀ, ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਮੜ੍ਹਣ, ਨਿਰਦੋਸ਼ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਤੇ ਇੰਟਰਨੈੱਟ ਪਾਬੰਦੀਆਂ ਲਾਉਣ ਦੇ ਕਦਮਾਂ ਦੀ ਸਖਤ ਨਿਖੇਧੀ ਕੀਤੀ ਗਈ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਸਭਾ ਦੇ ਇਕਾਈ ਪ੍ਰਧਾਨ ਐਡਵੋਕੇਟ ਮਨਦੀਪ, ਜਨਰਲ ਸਕੱਤਰ ਅਜੈਬ ਗੁਰੂ ਤੇ ਪ੍ਰੈਸ ਸਕੱਤਰ ਮਨਪ੍ਰੀਤ ਜਸ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋੰ ਪੰਜਾਬ ਅੰਦਰ ਕੇੰਦਰੀ ਬਲਾਂ ਦੇ ਦਾਖਲੇ, ਗ੍ਰਿਫਤਾਰੀਆਂ, ਐਨ.ਐਸ.ਏ. ਵਰਗੇ ਕਾਨੂੰਨ ਮੜ੍ਹਣ ਤੇ ਇੰਟਰਨੈੱਟ ਬੰਦ ਕਰਕੇ ਦਹਿਸ਼ਤ ਦਾ ਮਾਹੌਲ ਬਣਾਉਣ ਅਤੇ ਮੁਲਕ ਭਰ ਅੰਦਰ ਫਿਰਕੂ ਬਿਰਤਾਂਤ ਖੜ੍ਹਾ ਕਰਨ ਦੇ ਵਿਰੋਧ ਵਿੱਚ ਸਭਾ ਵੱਲੋੰ ਇਹ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਪ੍ਰਧਾਨ ਐਡਵੋਕੇਟ ਮਨਦੀਪ ਨੇ ਕਿਹਾ ਕੇੰਦਰ ਦੀ ਭਾਜਪਾ ਹਕੂਮਤ ਵੱਲੋੰ ਦੇਸ ਭਰ ਅੰਦਰ ਖੜੇ ਕੀਤੇ ਜਾ ਰਹੇ ਸਿੱਖ ਵਿਰੋਧੀ ਬਿਰਤਾਂਤ ਦੇ ਬਹਾਨੇ ਹੇਠ ਲੋਕਾਂ ਦੇ ਜਮਹੂਰੀ ਹੱਕਾਂ ਤੇ ਹਮਲਾ ਕੀਤਾ ਗਿਆ ਹੈ ਤੇ ਕਿੰਨੇ ਹੀ ਨਿਰਦੋਸ਼ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਕ ਪੱਧਰ ਤੇ ਪੰਜਾਬ ਵਿਰੋਧੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਅਧਿਆਪਕ ਆਗੂ ਮਾਸਟਰ ਯਸ਼ਪਾਲ ਨੇ ਕਿਹਾ ਕਿ ਭਾਜਪਾ ਹਕੂਮਤ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ ਨੂੰ ਤੇਜ ਕਰਨ ਤੇ ਹਿੰਦੂ-ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਘੱਟ-ਗਿਣਤੀਆਂ, ਦਲਿਤਾਂ ਤੇ ਆਦਿਵਾਸੀਆਂ ਵਿਰੋਧੀ ਬਿਰਤਾਂਤ ਦੀ ਸਿਰਜਣਾ ਕਰ ਰਹੀ ਹੈ। ਹਕੂਮਤ ਨੀਤੀਆਂ ਨਾਲੋਂ ਵੱਖਰੇ ਵਿਚਾਰਾਂ ਵਾਲੇ ਹਰ ਹਿੱਸੇ ਨੂੰ ਰਾਸ਼ਟਰ ਵਿਰੋਧੀ ਕਰਾਰ ਦੇਕੇ ਉਹਨਾਂ ਨੂੰ ਜਬਰ ਦਾ ਚੁਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਘੱਟ-ਗਿਣਤੀਆਂ ਵਿਚਲੇ ਕਟੱੜ ਅਨਸਰ ਵੀ ਹਕੂਮਤੀ ਨੀਤੀਆਂ ਦਾ ਹੱਥਾ ਬਣਕੇ ਹਕੂਮਤ ਨੂੰ ਜਬਰ ਦਾ ਬਹਾਨਾ ਮੁਹੱਈਆ ਕਰਵਾਉੰਦੇ ਹਨ। ਪ੍ਰੈਸ ਸਕੱਤਰ ਮਨਪ੍ਰੀਤ ਜਸ ਨੇ ਕਿਹਾ ਕਿ ਮੁਲਕ ਭਰ ਅੰਦਰ ਭਾਜਪਾ ਹਕੂਮਤ ਵੱਲੋੰ ਫਿਰਕੂ ਧਰੁਵੀਕਰਨ ਰਾਹੀੰ ਹਿੰਦੂ ਵੋਟ ਬੈੰਕ ਨੂੰ ਸੁਰੱਖਿਅਤ ਕਰਨ ਅਤੇ ਮਹਾਨ ਕਿਸਾਨ ਸੰਘਰਸ਼ ਦੌਰਾਨ ਪੰਜਾਬ,ਹਰਿਆਣਾ ਤੇ ਮੁਲਕ ਦੇ ਹੋਰਨਾਂ ਸੂਬਿਆਂ 'ਚ ਉਸਰੀ ਭਾਈਚਾਰਕ ਏਕਤਾ ਨੂੰ ਢਾਹ ਲਾਉਣ ਲਈ ਫਿਰਕੂ ਬਿਰਤਾਂਤ ਸਿਰਜਿਆਜਾ ਰਿਹਾ ਜਿਸ ਵਿੱਚ ਪੰਜਾਬ ਅੰਦਰਲੇ ਕੱਟੜਪੰਥੀ ਅਨਸਰ ਵੀ ਸਹਾਈ ਹੋ ਰਹੇ ਹਨ। ਪੰਜਾਬੀ ਯੂਨੀਵਰਸਿਟੀ ਤੋੰ ਪ੍ਰੋ: ਜਤਿੰਦਰ ਨੇ ਪੰਜਾਬ ਅੰਦਰ ਬਣੇ ਸਿਆਸੀ ਖਲਾਅ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਰਾਜਕੀ ਦਮਨ ਤੇ ਦਹਿਸ਼ਤ ਦਾ ਮੁਕਾਬਲਾ ਕਰਨ ਤੇ ਜਮਹੂਰੀ ਸਪੇਸ ਨੂੰ ਬਰਕਰਾਰ ਰੱਖਣ ਲਈ ਵਿਸ਼ਾਲ ਏਕਾ ਉਸਾਰਨ ਦੀ ਪਹੁੰਚ ਰੱਖਣੀ ਜਰੂਰੀ ਹੈ। ਇਸ ਮੌਕੇ ਹੋਈ ਇਕੱਤਰਤਾ ਨੇ ਮੰਗ ਕੀਤੀ ਕਿ ਐਨ.ਐਸ.ਏ. ਤੇ ਨੀਮ ਫੌਜੀ ਦਲਾਂ ਨੂੰ ਸੂਬੇ ਤੋੰ ਦੂਰ ਰੱਖਿਆ ਜਾਵੇ, ਗ੍ਰਿਫਤਾਰ ਕੀਤੇ ਨਿਰਦੋਸ਼ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ, ਤੇ ਮੁਲਕ ਭਰ ਅੰਦਰ ਫਿਰਕੂ ਤੇ ਪੰਜਾਬ ਵਿਰੋਧੀ ਬਿਰਤਾਂਤ ਸਿਰਜਣਾ ਬੰਦ ਕੀਤਾ ਜਾਵੇ।ਇਸ ਮੌਕੇ ਪ੍ਰੋ. ਮਨਜੀਤ ਸਿੰਘ ਤੇ ਸਭਾ ਦੇ ਵਿੱਤ ਸਕੱਤਰ ਸੰਦੀਪਾ ਨੇ ਵੀ ਸੰਬੋਧਨ ਕੀਤਾ।