ਮਾਮਲਾ ਮੀਂਹ ਕਾਰਨ ਹੋਏ ਫਸਲਾਂ ਦੇ ਖਰਾਬੇ ਦਾ-
ਮੋਰਿੰਡਾ,30 ਮਾਰਚ ( ਭਟੋਆ )
ਮੋਰਿੰਡਾ ਇਲਾਕੇ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਮੁੱਖ ਮੰਤਰੀ ਪੰਜਾਬ ਵਲੋਂ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਕਿਸਾਨਾਂ ਦੀਆਂ ਫਸਲਾਂ ਦੇ ਖਰਾਬੇ ਦਾ ਕਿਸਾਨਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਬਣਦਾ ਮੁਆਵਜਾ ਦੇ ਦਿੱਤਾ ਜਾਵੇਗਾ। ਪ੍ਰੰਤੂ ਚਾਰ ਦਿਨ ਬੀਤ ਜਾਣ ਉਪਰੰਤ ਵੀ ਮੋਰਿੰਡਾ ਦੇ ਇਲਾਕਿਆਂ ਵਿੱਚ ਫਸਲਾਂ ਤੇ ਹੋਰ ਹੋਏ ਨੁਕਸਾਨ ਦੀ ਅਜੇ ਤੱਕ ਸਪੈਸ਼ਲ ਗਿਰਦਾਵਰੀ ਦੇ ਕਿਸੇ ਵੀ ਅਧਿਕਾਰੀ ਨੂੰ ਹੁਕਮ ਨਹੀਂ ਆਏ। ਇਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਰੂਪਨਗਰ ਇਕਾਈ ਦੇ ਪ੍ਰਧਾਨ ਰਣਧੀਰ ਸਿੰਘ ਚੱਕਲ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿੱਚ ਇਕੱਤਰਤਾ ਕੀਤੀ ਗਈ। ਜਿਸ ਵਿੱਚ ਕਿਸਾਨਾਂ ਨੇ ਫਸਲਾਂ ਦੇ ਹੋਏ ਖਰਾਬੇ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਦਤਾਰਪੁਰ ਨੇ ਦੱਸਿਆ ਕਿ ਮੋਰਿੰਡਾ ਇਲਾਕੇ ਵਿੱਚ ਖਰਾਬੇ ਸਬੰਧੀ ਅਜੇ ਤੱਕ ਕੋਈ ਵੀ ਗਿਰਦਾਵਰੀ ਕਰਨ ਨਹੀਂ ਆਇਆ। ਇਸੇ ਸਬੰਧ ਵਿੱਚ ਅੱਜ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਨੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ। ਉਹਨਾਂ ਦੱਸਿਆ ਕਿ ਡਾ.ਚਰਨਜੀਤ ਸਿੰਘ ਵਲੋਂ ਆਮ ਆਦਮੀ ਪਾਰਟੀ ਦੇ ਦਫਤਰ ਵਿੱਚੋਂ ਹੀ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਐੱਸ.ਡੀ.ਐੱਮ. ਮੋਰਿੰਡਾ ਨੂੰ ਫੋਨ ਵੀ ਕੀਤਾ। ਉਹਨਾਂ ਕਿਹਾ ਕਿ ਫਸਲਾਂ ਦੇ ਖਰਾਬੇ ਦੀ ਗਿਰਦਾਵਰੀ ਦਾ ਕੰਮ ਛੇਤੀ ਤੋਂ ਛੇਤੀ ਨੇਪਰੇ ਚਾੜਿਆ ਜਾਵੇਗਾ। ਇਸੇ ਮੌਕੇ ਹਾਜਰ ਬੀਕੇਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਖਰਾਬੇ ਸਬੰਧੀ ਜੋ ਵੀ ਅਧਿਕਾਰੀ, ਕਰਮਚਾਰੀ ਮੌਕੇ ਤੇ ਜਾਣ ਉਹ ਪਹਿਲਾਂ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਦੇਣ ਤਾਂ ਜੋ ਜਿਸ-ਜਿਸ ਦੀ ਵੀ ਫਸਲ ਦਾ ਨੁਕਸਾਨ ਹੋਇਆ ਹੈ, ਉਹ ਮੌਕੇ ’ਤੇ ਆ ਕੇ ਦੱਸ ਸਕਣ ਅਤੇ ਸਪੈਸ਼ਲ ਗਿਰਦਾਵਰੀ ਕਰਵਾਉਣ ਵਿੱਚ ਸਬੰਧਿਤ ਮਹਿਕਮੇ ਦਾ ਸਹਿਯੋਗ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਮਾਜਰੀ, ਬਲਦੇਵ ਸਿੰਘ ਚੱਕਲ, ਜਰਨੈਲ ਸਿੰਘ ਸਰਹਾਣਾ, ਗੁਰਮੀਤ ਸਿੰਘ ਕੰਗ, ਪਰਮਜੀਤ ਸਿੰਘ ਅਮਰਾਲੀ, ਰਵਿੰਦਰ ਸਿੰਘ ਅਮਰਾਲੀ, ਰਣਜੀਤ ਸਿੰਘ ਕਲਾਰਾਂ, ਗੁਰਮੀਤ ਸਿੰਘ ਮੜੌਲੀ ਕਲਾਂ ਆਦਿ ਸ਼ਾਮਿਲ ਸਨ।