ਮੋਹਾਲੀ 18 ਮਾਰਚ , ਦੇਸ਼ ਕਲਿੱਕ ਬਿਓਰੋ :
ਵਿਧਾਨ ਸਭਾ ਹਲਕਾ ਹਲਕਾ ਮੋਹਾਲੀ ਦੇ ਪਿੰਡਾਂ ਦੇ ਲੋਕਾਂ ਦੀਆਂ ਰੋਜ਼ਮਰਾ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਆਪ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡਾਂ ਦਾ ਤੂਫਾਨੀ ਦੌਰਾ ਸ਼ੁਰੂ ਕੀਤਾ ਗਿਆ ਹੈ। ਏਸੇ ਲੜੀ ਦੇ ਤਹਿਤ ਉਹ ਪਿੰਡ ਝਾਮਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਦੇ ਲਈ ਉਹਨਾਂ ਕੋਲ ਪੁੱਜੇ ਅਤੇ ਵੱਖ- ਵੱਖ ਤੌਰ ਤੇ ਕਈ ਮੀਟਿੰਗਾਂ ਕੀਤੀਆਂ ਗਈਆਂ।
ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਕੀਤੇ ਗਏ ਇਸ ਦੌਰੇ ਦੇ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਯੂਥ ਨੇਤਾ ਸਰਬਜੀਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਪ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਯਤਨ ਜਾਰੀ ਹਨ। ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਸਰਕਾਰੇ- ਦਰਬਾਰੇ ਖੱਜਲ-ਖੁਆਰ ਨਾ ਹੋਣਾ ਪਵੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਆਪ ਨੇਤਾ ਸਰਬਜੀਤ ਸਿੰਘ ਸਮਾਣਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪਿੰਡ ਝਾਮਪੁਰ ਸਮੇਤ ਹਲਕੇ ਭਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੇ ਲਈ ਲੋਕਾਂ ਦੇ ਵਿਚਕਾਰ ਕੋਈ ਵੀ ਨੇਤਾ ਆਪਣੀ ਚੋਣ ਜਿੱਤਣ ਤੋਂ ਬਾਅਦ ਪਹੁੰਚਿਆ ਹੀ ਨਹੀ। ਸਰਬਜੀਤ ਸਿੰਘ ਸਮਾਣਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਝਾਮਪੁਰ ਦੇ ਲੋਕਾਂ ਦੀ ਵੀ ਇਹੀ ਸਮੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਖੱਜਲ ਖੁਆਰ ਹੋਣਾ ਪੈਂਦਾ ਸੀ, ਪਰੰਤੂ ਆਪ ਦੀ ਸਰਕਾਰ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾ ਕਿਹਾ ਕਿ ਪਿੰਡ ਝਾਮਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਵਿਸਥਾਰਤ ਰਿਪੋਰਟ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਸੌਂਪੀ ਜਾਵੇਗੀ।