ਚੰਡੀਗੜ੍ਹ,16 ਮਾਰਚ,ਦੇਸ਼ ਕਲਿਕ ਬਿਊਰੋ:
ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਯੂਟੀ ਸਕੱਤਰੇਤ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਨਾਲ ਟਰਾਂਸਪੋਰਟ (ਮੈਟਰੋ) ਚਲਾਉਣ ਬਾਰੇ ਚਰਚਾ ਕਰ ਸਕਦੇ ਹਨ।ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਇਸ ਮੀਟਿੰਗ ਵਿੱਚ ਰਾਜਪਾਲ ਦੇ ਨਾਲ, ਮੁੱਖ ਸਕੱਤਰ (ਸੀਐਸ) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਯੂਟੀ ਸਕੱਤਰੇਤ ਵਿੱਚ ਪਹੁੰਚਣਗੇ। ਚੰਡੀਗੜ੍ਹ ਪੁਲੀਸ-ਪ੍ਰਸ਼ਾਸ਼ਨ ਨੂੰ ਵੀ ਯੂਟੀ ਸਕੱਤਰੇਤ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਵਜ੍ਹਾ ਸਕੱਤਰੇਤ ਦੀ ਪਹਿਲੀ ਮੰਜ਼ਿਲ ਵਿਚ ਦਾਖਲ ਨਾ ਹੋਵੇ। ਯੂਟੀ ਪੁਲਿਸ ਵਿਭਾਗ ਵੱਲੋਂ ਸਕੱਤਰੇਤ ਦੇ ਅੰਦਰ ਅਤੇ ਆਲੇ ਦੁਆਲੇ ਰੋਜ਼ਾਨਾ ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।