ਚੰਡੀਗੜ੍ਹ,12 ਮਾਰਚ,ਦੇਸ਼ ਕਲਿਕ ਬਿਊਰੋ:
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਅਖਿਲ ਭਾਰਤੀ ਪ੍ਰਤਿਨਿਧੀ ਸਭਾ ਦੀ ਅਹਿਮ ਮੀਟਿੰਗ ਅੱਜ ਤੋਂ ਹਰਿਆਣਾ 'ਚ ਸ਼ੁਰੂ ਹੋ ਰਹੀ ਹੈ। 12 ਤੋਂ 14 ਮਾਰਚ ਤੱਕ ਚੱਲਣ ਵਾਲੀ ਇਹ ਤਿੰਨ ਰੋਜ਼ਾ ਮੀਟਿੰਗ ਪਾਣੀਪਤ ਦੇ ਸਮਾਲਖਾ ਇਲਾਕੇ ਵਿੱਚ ਹੋਵੇਗੀ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰਐਸਐਸ ਦੀ ਸਿਖਰਲੀ ਲੀਡਰਸ਼ਿਪ ਦੀ ਇਹ ਆਖਰੀ ਵੱਡੀ ਮੀਟਿੰਗ ਹੈ। ਇਸ ਲਿਹਾਜ਼ ਨਾਲ ਸੰਘ ਅਤੇ ਭਾਜਪਾ ਵਿਚਾਲੇ ਤਾਲਮੇਲ ਲਈ ਕੰਮ ਕਰ ਰਹੇ ਕੁਝ ਚਿਹਰੇ ਬਦਲੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਆਰਐਸਐਸ ਦੇ ਕੁਝ ਲੋਕਾਂ ਦੀਆਂ ਜ਼ਿੰਮੇਵਾਰੀਆਂ ਬਦਲਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।ਇਸ ਮੀਟਿੰਗ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਰਐਸਐਸ ਮੁਖੀ ਡਾ: ਮੋਹਨ ਭਾਗਵਤ 4 ਦਿਨ ਪਹਿਲਾਂ ਹੀ ਸਮਾਲਖਾ ਪਹੁੰਚੇ ਹੋਏ ਹਨ। ਪਿਛਲੇ 4 ਦਿਨਾਂ ਤੋਂ ਉਹ ਸਮਾਲਖਾ ਖੇਤਰ ਦੇ ਪੱਤੀਕਲਿਆਣਾ ਪਿੰਡ ਵਿੱਚ ਇਸ ਮੀਟਿੰਗ ਲਈ ਵਿਸ਼ੇਸ਼ ਤੌਰ ’ਤੇ ਬਣਾਏ ਗਏ ਕੇਂਦਰ ਵਿੱਚ ਸੰਘ ਦੇ ਪ੍ਰਮੁੱਖ ਚਿਹਰਿਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ।