ਚੰਡੀਗੜ੍ਹ, 4 ਫਰਵਰੀ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਸਮੇਤ ਉਸਦੀ ਮਾਂ ਅਤੇ ਭਾਈ ਖਿਲਾਫ ਦਹੇਜ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਸਪਨਾ ਚੌਧਰੀ, ਉਸਦੇ ਭਾਈ ਕਰਨ ਅਤੇ ਮਾਂ ਖਿਲਾਫ ਪਲਵਲ ਦੇ ਮਹਿਲਾ ਥਾਣੇ ਵਿੱਚ ਦਾਜ, ਮਾਰਕੁੱਟ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਪਨਾ ਦੀ ਭਰਜਾਈ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਸਪਨਾ ਦੀ ਭਾਬੀ ਨੇ ਦਾਜ ਵਿਚ ਕਰੇਟਾ ਕਾਰ ਮੰਗਣ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਕਿਹਾ ਕਿ ਕ੍ਰੇਟਾ ਕਾਰ ਨਹੀਂ ਦਿੱਤੀ ਤਾਂ ਪੀੜਤ ਦਾ ਉਤਪੀੜਨ ਤੇ ਮਾਰਕੁੱਟ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਪਨਾ ਚੌਧਰੀ ਦੇ ਭਰਾ ਕਰਨ ਸਮੇਤ ਮਾਂ ਨੀਲਮ ਉਤੇ ਵੀ ਦਾਜ ਮੰਗਣ ਅਤੇ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਹੈ। ਸਪਨਾ ਚੌਧਰੀ ਦੀ ਭਾਬੀ ਨੇ ਮਹਿਲਾ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਾਲ 2018 ਵਿੱਚ ਉਸਦਾ ਵਿਆਹ ਨਜਫਗੜ੍ਹ ਦਿੱਲੀ ਦੇ ਰਹਿਣ ਵਾਲੇ ਸਪਨਾ ਚੌਧਰੀ ਦੇ ਭਰਾ ਕਰਣ ਨਾਲ ਹੋਇਆ ਸੀ। ਵਿਆਹ ਉਨ੍ਹਾਂ ਦੇ ਪਰਿਵਾਰ ਨੇ 42 ਤੋਲੇ ਸੋਨਾ ਤੇ ਦਾਜ ਦਾ ਬਾਕੀ ਸਮਾਨ ਵੀ ਦਿੱਾ ਸੀ। ਇਸ ਤੋਂ ਇਲਾਵਾ ਵਿਆਹ ਦਾ ਆਯੋਜਨ ਦਿੱਲੀ ਦੇ ਹੋਟਲ ਵਿੱਚ ਕਰਨ ਲਈ ਕਿਹਾ ਗਿਆ ਸੀ, ਜਿਸ ਦਾ ਖਰਚ ਕਰੀਬ 42 ਲੱਖ ਸੀ। ਇਸ ਦੇ ਨਾਲ ਹੀ ਤਿੰਨ ਲੱਖ ਰੁਪਏ ਮਿਲਣੀ ਵਿੱਚ ਖਰਚ ਹੋਏ ਸਨ।
ਇਸ ਤੋਂ ਬਾਅਦ ਉਸਦੇ ਬੇਟੀ ਪੈਦਾ ਹੋਈ ਤੇ ਸਹੁਰੇ ਪਰਿਵਾਰ ਵੱਲੋਂ ਛੂਛਕ ਵਿਚ ਕ੍ਰੇਟਾ ਗੱਡੀ ਦੀ ਮੰਗ ਕੀਤੀ ਗਈ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਛੂਛਕ ਵਿੱਚ ਪੀੜਤਾ ਦੇ ਪਿਤਾ ਨੇ 3 ਲੱਖ ਰੁਪਏ ਨਗਦ ਤੇ ਸੋਨਾ, ਚਾਂਦੀ ਤੇ ਕੱਪੜੇ ਦਿੱਤੇ। ਕ੍ਰੇਟਾ ਗੱਡੀ ਨਾ ਮਿਲਣ ਉਤੇ ਉਹ ਤੰਗ ਪ੍ਰੇਸ਼ਾਨ ਕਰਨ ਲੱਗੇ। ਉਸਨੇ ਕਿਹਾ ਕਿ 26 ਮਈ 2020 ਨੂੰ ਉਸਦੇ ਪਤੀ ਨੇ ਸ਼ਰਾਬ ਪੀ ਕੇ ਨਸ਼ੇ ਵਿੱਚ ਉਸਦੀ ਮਾਰਕੁੱਟ ਕੀਤੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਕਰੀਬ 6 ਮਹੀਨੇ ਪਹਿਲਾਂ ਉਹ ਆਪਣੇ ਪਿਤਾ ਦੇ ਘਰ ਪਲਬਲ ਆ ਗਈ, ਜਿਸਦੀ ਸ਼ਿਕਾਇਤ ਉਨ੍ਹਾਂ ਮਹਿਲਾ ਪੁਲਿਸ ਕੋਲ ਕੀਤੀ। ਮਹਿਲਾ ਥਾਣਾ ਪੁਲਿਸ ਵੱਲੋਂ ਪੀੜਤ ਦੇ ਪਤੀ ਕਰਣ, ਨਣਦ ਸਪਨਾ ਚੌਧਰੀ, ਮਾਤਾ ਨੀਲਮ ਖਿਲਾਫ ਮੁਕਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।