ਅੰਬਾਲਾ: 24 ਜਨਵਰੀ, ਦੇਸ਼ ਕਲਿੱਕ ਬਿਓਰੋ
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਪੈਰੋਲ 'ਤੇ ਬਾਹਰ ਆਉਂਦਿਆਂ ਹੀ ਸੁਰਖੀਆਂ 'ਚ ਆਉਣ ਲੱਗਾ ਹੈ। ਰਾਮ ਰਹੀਮ ਨੇ ਸੋਮਵਾਰ ਨੂੰ ਤਲਵਾਰ ਨਾਲ ਕੇਕ ਕੱਟਿਆ। ਇਹ ਕੇਕ ਬਾਗਪਤ ਸਥਿਤ ਬਰਨਾਵਾ ਡੇਰੇ ਵਿੱਚ ਡੇਰੇ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ ‘ਤੇ ਕੱਟਿਆ ਗਿਆ ਸੀ ਜਿਸ ਨੂੰ ਰਾਮ ਰਹੀਮ ਨੇ ਆਪਣੀ ਗੱਦੀ ਸੌਂਪੀ ਸੀ। ਰਾਮ ਰਹੀਮ ਦੀ ਤਲਵਾਰ ਨਾਲ ਕੇਕ ਕੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।
ਬਲਾਤਕਾਰ ਅਤੇ ਕਤਲ ਦਾ ਦੋਸ਼ੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਪਿਛਲੇ 14 ਮਹੀਨਿਆਂ 'ਚ ਚੌਥੀ ਵਾਰ ਪੈਰੋਲ 'ਤੇ ਬਾਹਰ ਆਇਆ ਹੈ। 21 ਜਨਵਰੀ ਨੂੰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ।
ਅੰਬਾਲਾ ਸ਼ਹਿਰ ਤੋਂ ਵਿਧਾਇਕ ਅਸੀਮ ਗੋਇਲ, ਗੂਹਲਾ ਚੀਕਾ ਤੋਂ ਭਾਜਪਾ ਵਿਧਾਇਕ ਕੁਲਵੰਤ ਬਾਜੀਗਰ ਦੀ ਨੂੰਹ, ਐਸਡੀਐਮ ਬਰਾੜਾ ਬਿਜੇਂਦਰ ਸਿੰਘ, ਨਗਰ ਕੌਂਸਲ ਦੀ ਚੇਅਰਪਰਸਨ ਰੇਖਾ ਰਾਣੀ, ਹਲਕਾ ਵਿਧਾਇਕ ਰਾਏ ਮੋਹਨ ਲਾਲ, ਟੋਹਾਣਾ ਨਗਰ ਕੌਂਸਲ ਦੇ ਚੇਅਰਮੈਨ ਨਰੇਸ਼ ਬਾਂਸਲ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਲਈ ਪਹੁੰਚੇ। ਇਨ੍ਹਾਂ ਤੋਂ ਇਲਾਵਾ 2 ਦਰਜਨ ਆਗੂ ਤੇ ਅਧਿਕਾਰੀ ਉਨ੍ਹਾਂ ਨੂੰ ਮਿਲਣ ਆਏ।