ਲੰਡਨ, 4 ਫਰਵਰੀ
ਬਰਤਾਨਵੀ ਫ਼ਿਲਮਸਾਜ਼ ਸੈਮ ਮੈਂਡੀਜ਼ ਦੀ ਵਿਸ਼ਵ ਜੰਗ ’ਤੇ ਅਧਾਰਿਤ ਫ਼ਿਲਮ ‘1917’ ਨੇ ਬਿਹਤਰੀਨ ਫ਼ਿਲਮ ਤੇ ਨਿਰਦੇਸ਼ਕ ਦੇ ਸਨਮਾਨ ਸਣੇ ਸੱਤ ਬਾਫ਼ਟਾ ਐਵਾਰਡ ਹਾਸਲ ਕੀਤੇ ਹਨ। ਸਨਮਾਨ ਸਮਾਗਮ ਦੌਰਾਨ ਅਦਾਕਾਰ ਜੋਆਕਿਨ ਫੀਨਿਕਸ ਵੱਲੋਂ ਫ਼ਿਲਮ ਸਨਅਤ ’ਚ ‘ਢਾਂਚਾਗਤ ਨਸਲਵਾਦ’ ਬਾਰੇ ਰੱਖੇ ਵਿਚਾਰਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ। ਉਨ੍ਹਾਂ ਨੂੰ ਫ਼ਿਲਮ ‘ਜੋਕਰ’ ਲਈ ਬਿਹਤਰੀਨ ਅਦਾਕਾਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ ਵਿਚ ਬ੍ਰਿਟਿਸ਼ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫ਼ਟਾ) ਉਤੇ ਵਿਭਿੰਨਤਾ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਸਨ। ਰੌਇਲ ਐਲਬਰਟ ਹਾਲ ਵਿਚ ਹੋਏ ਸਨਮਾਨ ਸਮਾਗਮ ਦੌਰਾਨ ਸ਼ਹਿਜ਼ਾਦਾ ਵਿਲੀਅਮ ਜਿਨ੍ਹਾਂ ਇਸ ਸਾਲ ‘ਸਟਾਰ ਵਾਰਜ਼’ ਦੇ ਨਿਰਮਾਤਾ ਕੈਥਲੀਨ ਕੈਨੇਡੀ ਨੂੰ ਬਾਫ਼ਟਾ ਫੈਲੋਸ਼ਿਪ ਦਿੱਤੀ ਸੀ, ਨੇ ਵੀ ਇਸ ਮੁੱਦੇ ’ਤੇ ਵਿਚਾਰ ਪ੍ਰਗਟਾਏ। ਫ਼ੀਨਿਕਸ ਨੇ ਕਿਹਾ ਕਿ ਰੰਗ ਦੇ ਅਧਾਰ ’ਤੇ ਪੱਖਪਾਤ ਬੇਹੱਦ ਮੰਦਭਾਗਾ ਹੈ। ‘1917’ ਨੂੰ ਸਿਨਮੈਟੋਗ੍ਰਾਫ਼ੀ, ਪ੍ਰੋਡਕਸ਼ਨ ਡਿਜ਼ਾਈਨ, ਸਾਊਂਡ ਤੇ ਵਿਸ਼ੇਸ਼ ਇਫ਼ੈਕਟਸ ਲਈ ਵੀ ਬਾਫ਼ਟਾ ਐਵਾਰਡ ਮਿਲੇ। ਅਦਾਕਾਰ ਰੇਬਲ ਵਿਲਸਨ ਨੇ ਅਕਾਦਮੀ ’ਤੇ ਮਹਿਲਾ ਨਿਰਦੇਸ਼ਕਾਂ ਨੂੰ ਨਾਮਜ਼ਦ ਨਾ ਕਰਨ ਦਾ ਦੋਸ਼ ਲਾਇਆ। ‘ਜੋਕਰ’ ਨੂੰ ਕਾਸਟਿੰਗ ਤੇ ਓਰੀਜਨਲ ਸਕੋਰ ਲਈ ਵੀ ਸਨਮਾਨਿਤ ਕੀਤਾ ਗਿਆ। ਫ਼ਿਲਮ ‘ਜੂਡੀ’ ਲਈ ਅਦਾਕਾਰਾ ਰੀਨੀ ਜ਼ੈਲਵੀਗਰ ਨੂੰ ਬਿਹਤਰੀਨ ਅਭਿਨੇਤਰੀ ਦਾ ਬਾਫ਼ਟਾ ਸਨਮਾਨ ਮਿਲਿਆ। ‘ਵੰਸ ਅਪੌਨ ਏ ਟਾਈਮ ਇਨ ਹੌਲੀਵੁੱਡ’ ’ਚ ਸਹਾਇਕ ਅਦਾਕਾਰ ਲਈ ਬ੍ਰੈਡ ਪਿੱਟ ਨੂੰ ਅਤੇ ‘ਮੈਰਿਜ ਸਟੋਰੀ’ ਲਈ ਲੌਰਾ ਡਰਨ ਨੂੰ ਬਿਹਤਰੀਨ ਸਹਾਇਕ ਅਦਾਕਾਰਾ ਦਾ ਬਾਫ਼ਟਾ ਸਨਮਾਨ ਹਾਸਲ ਹੋਇਆ। ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੂੰ ਦੋ ਬਾਫ਼ਟਾ ਸਨਮਾਨ ਮਿਲੇ। ‘ਜੋਜੋ ਰੈਬਿਟ’ ਨੂੰ ਸਕ੍ਰੀਨਪਲੇਅ ਲਈ ਬਾਫ਼ਟਾ ਸਨਮਾਨ ਮਿਲਿਆ।