ਰਘਵੀਰ ਸਿੰਘ ਚੰਗਾਲ
ਸਰਵਜੀਤ ਕੌਰ ਦਾ ਪੰਜਾਬੀ ਸੰਗੀਤ ਇੰਡਸਟਰੀ ਵਿਚ ਆਪਣਾ ਇੱਕ ਵੱਖਰਾ ਮੁਕਾਮ ਹੈ। ਉਸਨੇ ਇਹ ਮੁਕਾਮ ਬੜੀ ਸਮਝਦਾਰੀ, ਮਿਹਨਤ ਤੇ ਰਿਆਜ ਨਾਲ ਹਾਸਲ ਕੀਤਾ ਹੈ। ਕਾਦਰ ਦੀ ਇਸ ਕੁਦਰਤ ਦੇ ਕਿਸੇ ਵੀ ਖੇਤਰ ਵਿਚ ਪ੍ਰਵੇਸ਼ ਕਰਨਾ ਫਿਰ ਮਿਹਨਤ ਤੇ ਮੁਸੱਤਕ ਨਾਲ ਸਥਾਪਤੀ ਦੀ ਮੰਜ਼ਿਲ ਸਰ ਕਰ ਲੈਣੀ ਨਸੀਬਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ। ਪੰਜਾਬੀ ਸੰਗੀਤ ਖੇਤਰ ਵਿਚ ਸਰਵਜੀਤ ਕੌਰ ਦੀ ਆਮਦ ਕਿਸੇ ਰੱਬੀ ਬਖਸ਼ਿਸ ਨਾਲ ਨਹੀਂ ਸਗੋਂ ਮਿਹਨਤ ਤੇ ਰਿਆਜ਼ ਨਾਲ ਹੋਈ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਰਵਾਇਤੀ ਗੀਤਾਂ ਤੋਂ ਵੱਖਰਾ ਕਰਨ ਦੀ ਕੋਸ਼ਿਸ ਨਾਲ ਕੀਤੀ ਜਿੰਨ੍ਹਾਂ ਵਿਚ ਵਿਆਹ ਦੇ ਗੀਤਾਂ ਨੂੰ ਉਸਨੇ ਆਪਣੀ ਗਾਇਕੀ ਦਾ ਆਧਾਰ ਬਣਾਇਆ। ਸਰਵਜੀਤ ਕੌਰ ਜਿਸ ਸ਼ੁਹਰਤ ਦੇ ਮੁਕਾਮ ਨੂੰ ਪ੍ਰਨਾਈ ਹੋਈ ਹੈ ਉਸ ਉੱਪਰ ਉਸ ਦੇ ਚਹੇਤਿਆਂ ਨੂੰ ਢੇਰ ਸਾਰਾ ਮਾਣ ਹਾਸਿਲ ਹੈ।(MOREPIC2)
ਸਰਵਜੀਤ ਕੌਰ ਦਾ ਜਨਮ ਪਿਤਾ ਕ੍ਰਿਸ਼ਨ ਲਾਲ ਦੇ ਗ੍ਰਹਿ ਤੇ ਮਾਤਾ ਸ੍ਰੀਮਤੀ ਅੰਬੋ ਦੀ ਕੁੱਖੋਂ ਪਿੰਡ ਦੰਦਪੁਰ ਜਿਲ੍ਹਾ ਕਪੂਰਥਲਾ ਵਿਚ 15 ਅਕਤੂਬਰ 1954 ਨੂੰ ਹੋਇਆ। ਗਾਇਕੀ ਦੀ ਤਾਲੀਮ ਮਾਸਟਰ ਸਤੀਸ਼ ਜੀ ਜਲੰਧਰ ਵਾਲਿਆਂ ਤੋਂ ਹਾਸਿਲ ਕੀਤੀ ਤੇ 1973 ਵਿਚ ਆਪਣੀ ਗਾਇਕੀ ਦਾ ਆਗਾਜ਼ ਬਾਕਾਇਦਾ ਤੌਰ ’ਤੇ ਕਰ ਲਿਆ। ਸਰਵਜੀਤ ਕੌਰ ਦਾ ਗਾਇਆ ‘ਕੋਕਾ’ (ਕੋਕਾ ਕਢਵਾ ਦੇ ਵੇ ਮਾਹੀਆ ਕੋਕਾ) ਅੱਜ ਵੀ ਤਰੋ ਤਾਜਾ ਹੈ। ਇਸ ਗੀਤ ਦੀ ਸਫਲਤਾ ਨੇ ਸਰਵਜੀਤ ਕੌਰ ਦੇ ਨਾਂ ਨਾਲ ਸਰਵਜੀਤ ਕੌਰ ਕੋਕੇ ਵਾਲੀ ਸਥਾਪਿਤ ਕਰ ਦਿੱਤਾ। ਜਿਹੜਾ ਉਹਨਾਂ ਨੂੰ ਪੰਜਾਬੀ ਸੰਗੀਤ ਦੇ ਅੰਬਰ ’ਤੇ ਨਵੀਂ ਪਹਿਚਾਣ ਦਿੰਦਾ ਹੈ। ਫਿਲਮ ‘ਮਾਮਲਾ ਗੜਬੜ ਹੈ’ ਵਿਚ ਪਿੱਠਵਰਤੀ ਗਾਇਕਾ ਵਜੋਂ ਗਾਈ ‘ਘੋੜੀ’ ਗੀਤ ਜਿਸਨੇ ਵੀ ਸੁਣਿਆ ਹੈ ਉਹ ਕਦੇ ਆਪਣਿਆਂ ਚੇਤਿਆਂ ’ਚੋਂ ਸਰਵਜੀਤ ਕੌਰ ਨੂੰ ਨਹੀਂ ਭੁਲਾ ਸਕਦਾ। ਅੱਜ ਵੀ ਜਦੋਂ ਇਸ ਗੀਤ ਦੇ ਬੋਲ ਕੰਨ੍ਹੀ ਪੈਂਦੇ ਹਨ ਤਾਂ ਸਰੋਤੇ ਦਾ ਆਪ ਮੁਹਾਰੇ ਵਜਦ ਵਿਚ ਆ ਜਾਣਾ ਹੀ ਇਸ ਗੀਤ ਦੀ ਪ੍ਰਾਪਤੀ ਹੈ।
ਸਰਵਜੀਤ ਕੌਰ ਨੇ ਆਪਣੇ ਸੰਗੀਤਕ ਸਫਰ ਦੌਰਾਨ ਅਨੇਕਾਂ ਐਵਾਰਡ ਤੇ ਮਾਣ ਸਨਮਾਨ ਆਪਣੀ ਝੋਲੀ ਪੁਆਏ ਹਨ ਜਿੰਨ੍ਹਾ ਵਿਚ ਸੰਗੀਤ ਨਾਟਕ ਅਕੈਡਮੀ ਐਵਾਰਡ, ਰਾਸ਼ਟਰੀ ਐਵਾਰਡ 2017, ਭੋਪਾਲ ਸਰਕਾਰ ਵੱਲੋਂ ਅਚੀਵਮੈਂਟ ਐਵਾਰਡ 2014, ਪੀ.ਟੀ.ਸੀ. ਪੰਜਾਬੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਜਲੰਧਰ 2009, ਸੁਰ ਸਹਿਜਾਦੀ ਐਵਾਰਡ ਲੁਧਿਆਣਾ 1998, ਪੰਜਾਬ ਰਤਨ ਐਵਾਰਡ 2009, ਪ੍ਰੋ. ਮੋਹਨ ਸਿੰਘ ਐਵਾਰਡ 1989, ਮੁਹੰਮਦ ਰਫੀ ਐਵਾਰਡ 2008, ਕਲਾ ਸ੍ਰੀ ਐਵਾਰਡ ਨਵੀਂ ਦਿੱਲੀ 1986, ਨੰਦ ਲਾਲ ਨੂਰਪੁਰੀ ਐਵਾਰਡ 1990, ਢਾਡੀ ਅਮਰ ਸਿੰਘ ਸ਼ੋਕੀ ਐਵਾਰਡ 1994, ਪ੍ਰਕਾਸ਼ ਕੌਰ ਐਵਾਰਡ 1992 ਆਦਿ ਜਿਕਰਯੋਗ ਹਨ।(MOREPIC1)
ਸਰਵਜੀਤ ਕੌਰ ਨੇ ਰਿਕਾਰਡ ਕੈਸਿਟਾਂ ਨਾਲੋਂ ਫਿਲਮਾਂ ਵਿਚ ਪਿੱਠਵਰਤੀ ਗਾਇਕਾ ਵਜੋਂ ਵਧੇਰੇ ਗਾਇਆ ਹੈ। 40-50 ਫਿਲਮਾਂ ਵਿਚ ਸਰਵਜੀਤ ਕੌਰ ਵਲੋਂ ਗਾਏ ਗੀਤ ਸ਼ਾਮਿਲ ਹਨ ਜਦ ਕਿ ਉਨ੍ਹਾਂ ਦੀਆਂ ਕੈਸਿਟਾਂ‘ਸਰਵਜੀਤ ਸਿੰਗਜ਼ ਫੋਕ ਸੌਂਗਜ’, ਸਰਵਜੀਤ ਦਾ ਗਾਇਆ ਕੋਕਾ, ਬਾਬੂ ਜੀ ਗੱਲ ਮੁੱਕ ਗਈ, ਮੱਥੇ ’ਤੇ ਚਮਕਣ ਵਾਲ, ਮੇਰਾ ਲੌਂਗ ਗਵਾਚਾ, ਕੈਦ ਕਰਾਦੂੰਗੀ, ਮਾਹੀ ਮੇਰਾ ਅੱਥਰਾ ਜਿਹਾ, ਮਾਝੇ ਦੀਏ ਮੋਮਬੱਤੀਏ, ਮੈਂ ਅੰਗਰੇਜਣ ਬੂਟੀ, ਸੁਰ ਪੰਜਾਬ ਦੇ, ਮੇਰੀ ਗੁੱਤ ’ਤੇ ਕਚਹਿਰੀ, ਬੋਲੀਆਂ ਆਦਿ ਦੇ ਨਾਮ ਲਏ ਜਾ ਸਕਦੇ ਹਨ।
ਸਰਵਜੀਤ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜੇ੍ਹਨੀ ਆ’, (ਫਿਲਮ ਮਾਮਲਾ ਗੜਬੜ ਹੈ), ਲੋਕੀਂ ਮੈਨੂੰ ਕਹਿੰਦੇ ਨੇ ਲੜਾਕੀ, ਮੇਰਾ ਲੌਂਗ ਗੁਆਚਾ, ਦਿਲ ਲੈ ਕੇ ਮੁਹੱਬਤਾਂ ਰੰਗਿਆ (ਬਦਲਾ ਜੱਟੀ ਦਾ), ਮਾਹੀ ਮੁਕਰ ਗਿਆ ਜੇ, ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ, ਮਾਝੇ ਦੀਏ ਮੋਮਬੱਤੀਏ, ਮਾਤਾ ਸੁੰਦਰੀ ਪੁੱਛੇ ਵਾਜਾਂ ਵਾਲਿਓ, ਅੰਮਿ੍ਰਤ ਭਰੇ ਪਿਆਲੇ ਵਿਚੋਂ ਗਟ ਗਟ ਕਰਕੇ ਪੀ ਖਾਲਸਾ ਪੀ, ਯਾਦ ਕਰੇਂਗਾ, ਉੱਡ ਤਾਂ ਜਾਵੀਂ ਕਾਵਾਂ, ਬਹਾਨੇ, ਬੋਲੀਆਂ, ਅੱਜ ਦੀ ਰਾਤ, ਬਾਜਰੇ ਦੀ ਰਾਖੀ, ਜਾਗੋ ਤੇ ਮਿਰਜ਼ਾ ਆਦਿ ਜਿਕਰਯੋਗ ਹਨ।
ਹਾਲ ਹੀ ਵਿਚ ਸਰਬਜੀਤ ਕੌਰ ਦੀ ਕਸ਼ਿਸ ਭਰੀ ਸੁਰੀਲੀ ਆਵਾਜ ਵਿਚ ਹੋਰ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ ‘ਡੋਲੀ’। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਰੱਤੂ ਰੰਧਾਵਾ ਨੇ। ਗੀਤ ਦਾ ਸੰਗੀਤ ਤੇ ਫਿਲਮਾਂਕਣ ਅਮਿਤ ਸ਼ਰਮਾ ਜੀ ਦਾ ਹੈ। ਕੋਰਿਓਗ੍ਰਾਫੀ ਰਵੀ ਕਾਂਤ ਜੀ ਦੀ ਹੈ। ਅਮਿਤ ਸ਼ਰਮਾ ਪ੍ਰੋਡਕਸ਼ਨ ਅਤੇ ਸਰਵਜੀਤ ਕੌਰ ਸੰਗੀਤ ਦੀ ਪੇਸ਼ਕਾਰੀ ਵਾਕਿਆ ਹੀ ਸਲਾਹੁਣਯੋਗ ਹੈ। ਗੀਤ ਦੇ ਬੋਲ ਕੰਨਾਂ ਵਿਚ ਰਸ ਘੋਲਦੇ ਹਨ। ਸੁਰ ਤੇ ਤਾਲ ਦੀ ਧਨੀ ਸਰਵਜੀਤ ਨੇ ਗਾਇਆ ਵੀ ਕਮਾਲ ਦਾ ਹੈ। ਸੰਗੀਤ ਬੀਤੇ ਵੇਲਿਆਂ ਦੇ ਵਿਆਹ ਦੀ ਯਾਦ ਤਾਜ਼ਾ ਕਰਵਾਉਣ ਵਿਚ ਕਾਮਯਾਬ ਰਹਿੰਦਾ ਹੈ। ਗੁਰਦੀਪ ਸਿੰਘ ਦਾ ਫਲਿਊਟ ਤੇ ਸ਼ਹਿਨਾਈ ’ਤੇ ਕੀਤਾ ਕੰਮ ਆਪਣੀ ਵਿਆਖਿਆ ਖੁਦ ਆਪ ਕਰਦਾ ਹੈ। ਸਮੁੱਚੀ ਟੀਮ ਇਸ ਗੀਤ ਨੂੰ ‘ਇੱਕ ਸਫਲ ਗੀਤ’ ਵਜੋਂ ਪੰਜਾਬੀਆਂ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕਰਕੇ ਵਧਾਈ ਤੇ ਸਾਬਾਸ਼ ਦੀ ਹੱਕਦਾਰ ਹੈ। ਯੂ. ਟਿਊਬ ’ਤੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਣਾ ਹੀ ਸਰਵਜੀਤ ਦੀ ਵਿਲੱਖਣ ਪ੍ਰਾਪਤੀ ਹੈ ਤੇ ਉਹ ਆਪਣੇ ਮੁਕਾਮ ਨੂੰ ਹੋਰ ਉੱਚਾ ਕਰਨ ਵਿਚ ਸਫਲ ਰਹੀ ਹੈ।