Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਗੀਤ ‘ਕਿੰਨੇ ਆਏ ਕਿੰਨੇ ਗਏ-2’ ਕੁਝ ਪ੍ਰਤੀਕਰਮ

Updated on Friday, May 07, 2021 19:39 PM IST

ਰਘਵੀਰ ਸਿੰਘ ਚੰਗਾਲ

ਨਿਰਸੰਦੇਹ ਪੰਜਾਬੀ ਗਾਇਕੀ ਦੇ ਵਰਤਮਾਨ ਖੇਤਰ ਵਿਚ ਰਣਜੀਤ ਬਾਵੇ ਦਾ ਨਾਂ ਉਚਕੋਟੀ ਦੇ ਗਾਇਕਾਂ ਵਿਚ ਸ਼ੁਮਾਰ ਹੈ। ਉਸਨੇ ਆਪਣੀ ਗਾਇਕੀ ਨੂੰ ਰਵਾਇਤੀ ਵਿਸ਼ਿਆਂ ਤੋਂ ਸ਼ੁਰੂ ਕਰਕੇ ਸਾਡੇ ਨਿਜਾਮ ਦੀਆਂ ਗਲਤ ਪ੍ਰਵਿਰਤੀਆਂ ਨੂੰ ਆਪਣੇ ਗੀਤਾਂ ਦੇ ਵਿਸ਼ਿਆਂ ਵਿਚ ਸ਼ਾਮਿਲ ਕਰਕੇ ਤੇ ਵੱਖਰੇ ਅੰਦਾਜ ਵਿਚ ਗਾ ਕੇ ਨਵੀਂ ਪਿਰਤ ਪਾਈ ਹੈ। ਜਿਸ ਕਰਕੇ ਅਸੀਂ ਸਮੇਂ ਸਮੇਂ ਉਸਦੇ ਸਟੈਂਡ ਦੀ ਸ਼ਲਾਘਾ ਕਰਦੇ ਹੋਏ ਉਸਦੇ ਹੱਕ ਵਿਚ ਆਵਾਜ ਬੁਲੰਦ ਕਰਕੇ ਆਪਣੇ ਫਰਜਾਂ ਨੂੰ ਸਹੀ ਪਰਿਪੇਖ ਵਿਚ ਨਿਭਾਉਣ ਦਾ ਯਤਨ ਕੀਤਾ ਹੈ। ਹਾਲ ਹੀ ਵਿਚ ਉਸਦਾ ਚਰਚਿਤ ਤੇ ਬਹੁਗਿਣਤੀ ਪੰਜਾਬੀਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਗੀਤ ‘ਕਿੰਨੇ ਆਏ ਕਿੰਨੇ ਗਏ-2’ ਗੀਤ ਆਇਆ ਹੈ। ਜਿਸਨੂੰ ਕਲਮਬੰਦ ਕੀਤਾ ਹੈ ਅਸਲੋਂ ਨਵੇਂ ਤੇ ਅਨਾੜੀ ਗੀਤਕਾਰ ‘ਲਵਲੀ ਨੂਰ’ ਨੇ। ਬਿਨਾਂ ਸ਼ੱਕ ਗੀਤ ਦੀ ਸ਼ੁਰੂਆਤ ਕਮਾਲ ਦੀ ਕਹੀ ਜਾ ਸਕਦੀ ਹੈ ਕਿ ਸਮਾਜ ਦੇ ਪਿੰਡੇ ’ਤੇ ਹੰਢਾਈਆਂ ਤਲਖ ਹਕੀਕਤਾਂ ਦੀ ਗੱਲ ਕਰਦਾ ਇਹ ਗੀਤਕਾਰ ਇਤਿਹਾਸ ਦੀਆਂ ਵੱਖ ਵੱਖ ਪਰਤਾਂ ਫਰੋਲਦਾ ਅਨੋਖੇ ਕਾਰਨਾਮਿਆਂ ਨੂੰ ਇਸ ਵਿਚ ਸ਼ਾਮਿਲ ਕਰਨ ਦਾ ਯਤਨ ਕਰਦਾ ਹੈ ਪਰ ਵਿਸ਼ਿਆਂ ਦੇ ਛੋਹਣ ਦੇ ਢੰਗ ਤਰੀਕੇ ਵਿਚ ਉਹ ਖਲਾਰਾ ਪਾ ਬੈਠਦਾ ਹੈ। ਬੇਤਰਦੀਬੀ ਨਾਲ ਲਿਖੇ ਬੋਲ ਕਿਸੇ ਆਮ ਸਰੋਤੇ ਨੂੰ ਕੁਝ ਦੱਸਣ ਤੇ ਜਾਣੂ ਕਰਨ ਦੀ ਬਜਾਏ ਰਸਤਿਓਂ ਭੜਕਾਉਂਦੇ ਨਜਰ ਆਉਂਦੇ ਹਨ। 1981-82 ਤੋਂ ਸ਼ੁਰੂ ਹੁੰਦੇ ਹੋਏ ਪੰਜਾਬ ਦੇ ਹਾਲਾਤ ਜਿਹੜੇ 1991-92 ਤੱਕ ਪੂਰਾ ਦਹਾਕਾ ‘ਪੰਜਾਬ ਦਾ ਸੰਤਾਪ’ ਵਜੋਂ ਇਤਿਹਾਸ ਨੇ ਆਪਣੀ ਅਗੋਸ਼ ਵਿਚ ਸਾਂਭੇ ਹੋਏ ਹਨ ਨੂੰ ਇਸ ਗੀਤ ਦੇ ਸ਼ੁਰੂਆਤੀ ਸੰਬੋਧਨੀ ਸ਼ਬਦਾਂ ਵਜੋਂ ਵਰਤਿਆ ਗਿਆ ਹੈ। ਇਹੀ ਉਹ ਬੋਲ ਹਨ ਜਿੰਨ੍ਹਾਂ ਨੂੰ ਬਾਵੇ ਨੇ ਆਪਣੀ ਕਮਾਲ ਦੀ ਕੰਪੋਜੀਸ਼ਨ ਨਾਲ ਸ਼ਿੰਗਾਰਿਆ ਹੈ ਤੇ ਸਰੋਤੇ ਦੇ ਕੰਨਾਂ ਵਿਚ ਪੈਂਦਿਆਂ ਹੀ ਸਰੋਤਿਆਂ ਨੂੰ ਵਜਦ ਵਿਚ ਲਿਆ ਕੇ ਰੂਹ ਨੂੰ ਝੰਜੋੜਣ ਵਿਚ ਕਾਮਯਾਬ ਹੁੰਦੇ ਹਨ। ਪਰ ਅਗਲਿਆਂ ਅੰਤਰਿਆਂ ਵਿਚ ਗੀਤਕਾਰ ਦੀ ਕਲਮ ਪੈਰੋਂ ਥਿੜਕ ਜਾਂਦੀ ਹੈ। ਪਤਾ ਨਹੀਂ ਮਾਤਾ ਗੁਜਰੀ ਜੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਿਸ਼ਤਿਆਂ ਦੀ ਬਾਤ ਪਾ ਕੇ ਉਹ ਸਿੱਧ ਕੀ ਕਰਨਾ ਚਾਹੁੰਦਾ ਹੈ? ਰੰਗਾਂ ਤੇ ਬਿੱਲਾ ਦੋ ਅਜਿਹੇ ਨਾਮ ਹਨ ਜਿੰਨ੍ਹਾਂ ਨੂੰ ਭਾਰਤੀ ਇਤਿਹਾਸ ਦੇ ਪੰਨਿਆਂ ’ਤੇ ਗੈਰ ਸਮਾਜਿਕ ਤੱਤਾਂ ਭਰਪੂਰ ਹਤਿਆਰਿਆਂ ਵਜੋਂ ਦਰਸਾਇਆ ਗਿਆ ਹੈ ਪਰ ਸ਼ੇਰ ਸਿੰਘ ਰਾਣਾ ਦੀ ਕਿੰਨੀ ਕੁ ਵੱਡੀ ਕੁਰਬਾਨੀ ਹੈ? ਜਿਸਨੇ 18 ਬਲਾਤਕਾਰੀ ਕਾਤਲਾਂ ਨੂੰ ਮਾਰ ਕੇ ਆਪਣੇ ਜਿਸਮ ਨੂੰ ਨੋਚਣ ਵਾਲੇ ਬਲਾਤਕਾਰੀ ਦਰਿੰਦਿਆਂ ਤੋਂ ਬਦਲਾ ਲੈਣ ਵਾਲੀ ਫੂਲਨ ਦੇਵੀ ਦਾ ਕਤਲ ਕੀਤਾ ਸੀ। ਕੀ ਉਹ ਪੰਜਾਬ ਦੇ ਹਜਾਰਾਂ ਸਿੰਘਾਂ, ਸੂਰਬੀਰਾਂ ਦੀ ਕੁਰਬਾਨੀ ਦੇ ਬਰਾਬਰ ਕਿਤੇ ਖੜਣ ਜੋਗੇ ਵੀ ਹਨ। ਮੇਰੀ ਜਾਚੇ ਇਹਨਾਂ ਸ਼ਬਦਾਂ ਨੂੰ ਗੀਤ ਦਾ ਹਿੱਸਾ ਬਣਾ ਕੇ ਕਲਮਕਾਰ ਨੇ ਸਾਡੇ ਸ਼ਹੀਦਾਂ ਦੀ ਤੌਹੀਨ ਕੀਤੀ ਹੈ ਜਿਸ ਬਾਰੇ ਮੈਂ ਸਮਝਦਾ ਹਾਂ ਕਿ ਗਾਇਕ ਤੇ ਗੀਤਕਾਰ ਦੋਵਾਂ ਨੂੰ ਸਿੱਖ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।(MOREPIC1)

ਇੰਨ੍ਹਾਂ ਵਿਚਾਰਾਂ ਦੇ ਪ੍ਰਗਟਾਵੇ ਨਾਲ ਸਾਡਾ ਗਾਇਕ ਰਣਜੀਤ ਬਾਵੇ ਨੂੰ ਨਿੰਦਣ ਜਾਂ ਨੀਵਾ ਵਿਖਾਉਣ ਦਾ ਕੋਈ ਮਕਸਦ ਨਹੀਂ ਹੈ ਸਗੋਂ ਅਸੀਂ ਇਸ ਗਾਇਕ ਦੀ ਕਲਾ ਦੀ ਦਾਦ ਦਿੰਦੇ ਹਾਂ ਜਿਸਨੇ ਬੇਤਰਤੀਬੇ ਅੰਤਰਿਆਂ ਨੂੰ ਆਪਣੀ ਕਲਾ ਦੇ ਜਰੀਏ ਬਾਖੂਬੀ ਨਿਭਾਇਆ ਹੈ। ਗੀਤਾਂ ਦੇ ਵਿਸ਼ਿਆਂ ਦੀ ਚੋਣ ਪੱਖੋਂ ਬਾਵੇ ਨੇ ਗਾਇਕਾਂ ਦੀ ਮੰਡੀ ਦੀ ਭੀੜ ਵਿਚੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ। ਹਾਂ, ਪਰ ਐਨਾ ਜਰੂਰ ਹੈ ਜਿਹੜਾ ਉਸਨੇ ਨਿਵੇਕਲਾ ਪੰਧ ਅਖਤਿਆਰ ਕੀਤਾ ਹੈ ਕਿ ਰਵਾਇਤੀ ਵਿਸ਼ਿਆਂ ਦੀ ਚੋਣ ਵਾਲੇ ਗੀਤਾਂ ਨੂੰ ਤਿਲਾਂਜਲੀ ਦੇ ਕੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਵਿਚ ਹਿੱਸਾ ਪਾਉਣ ਵਾਲੇ ਗੀਤਾਂ ਦੇ ਵਿਸਿਆਂ ਨੂੰ ਆਪਣੀ ਆਵਾਜ ਨਾਲ ਸ਼ਿੰਗਾਰਿਆ ਹੈ, ਇਸ ’ਤੇ ਹੁਣ ਵਧੇਰੇ ਸੰਜੀਦਗੀ ਨਾਲ ਤੁਰਨਾ ਪਊ ਤਾਂ ਹੀ ਇਹ ਸੋਹਰਤਾਂ, ਵਡਿਆਈਆਂ ਤੇ ਸਟੈਂਡ ਕਾਇਮ ਰਹਿ ਸਕਦਾ ਹੈ ਤੇ ਆਪਣਾ ਨਵੇਕਲਾ ਮੁਕਾਮ ਵੀ ਕਾਇਮ ਰੱਖਿਆ ਜਾ ਸਕਦਾ ਹੈ। ਗੀਤ ਦੀ ਚੋਣ ਵਕਤ ਉਸਨੂੰ ਬੀਰ ਸਿੰਘ, ਜੌਹਲ ਬਿਧੀਪੁਰੀਆ, ਹਰਜਿੰਦਰ ਬੱਲ ਵਰਗੇ ਗੀਤਕਾਰਾਂ ਦੀ ਸਲਾਹ ਲੈਣੀ ਚਾਹੀਦੀ ਹੈ।

ਇਸ ਗਹਿਰ ਗੰਭੀਰ ਮੁੱਦੇ ਬਾਰੇ ਮੈਨੂੰ ਨਾਮੀ ਪੱਤਰਕਾਰ ਸੁਖਦੇਵ ਸਿੰੰਘ ਪਟਵਾਰੀ ਹੋਰਾਂ ਨੇ ਦੱਸਿਆ ਕਿ ‘ਗੀਤ ਵਿਚ ਜਿਸ ਤਰ੍ਹਾਂ ਇਤਿਹਾਸਿਕ ਤੱਥਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਾਂ ਤਾਂ ਉਨ੍ਹਾਂ ਬਾਰੇ ਗੀਤਕਾਰ ਸਮਝ ਪੱਖੋ ਅਨਾੜੀ ਹੈ ਜਾਂ ਉਸਨੂੰ ਗੀਤਾਂ ਦੇ ਅੰਤਰਿਆਂ ਨੂੰ ਤਰਤੀਬ ਦੇਣ ਦੀ ਹਾਲੇ ਜਾਚ ਨਹੀਂ ਹੈ। ਜਿਸ ਕਰਕੇ ਸਾਰਾ ਗੀਤ ਸ਼ੁਰੂਆਤੀ ਸ਼ਬਦਾਂ ਤੋਂ ਚੰਗਾ ਚੰਗਾ ਲੱਗਣ ਦੇ ਬਾਵਜੂਦ ਬਹੁ ਦਿਸ਼ਾਵੀਂ ਪਰਤਾਂ ਵਿਚ ਖਿਲਰ ਕੇ ਰਹਿ ਜਾਂਦਾ ਹੈ ਜਾਂ ਕਹਿ ਲਈਏ ਗੀਤ ਦਾ ਖਲਾਰਾ ਜਿਹਾ ਪੈ ਜਾਂਦਾ ਹੈ।’(MOREPIC2)

ਇਸੇ ਤਰ੍ਹਾਂ ਪੰਜਾਬੀ ਸੰਗੀਤ ਇੰਡਸਟਰੀ ਦੇ ਥੰਮ ‘ਜਰਨੈਲ ਘੁਮਾਣ’ ਹੋਰਾਂ ਦਾ ਵਿਚਾਰ ਸੀ ਕਿ ਗੀਤ ਦੀ ਤੁਕਬੰਦੀ ਦੇ ਚੱਕਰ ਵਿਚ ਗੀਤਕਾਰ ਵਿਸ਼ੇ ਤੋਂ ਭਟਕ ਕੇ ਗੈਰ ਇਤਿਹਾਸਿਕ ਤੱਥਾਂ ਨੂੰ ਗੀਤ ਵਿਚ ਸ਼ਾਮਿਲ ਕਰਨ ਦੀ ਵੱਡੀ ਭੁੱਲ ਕਰ ਬੈਠਾ ਹੈ।’ ‘ਗੁਰੂ ਘਰਾਂ ਵਿਚ ਮਿਲਦੇ ਨੇ ਕਮਰੇ ਪਾਵਰਾਂ ਵਾਲੇ ’ਚੋਂ ਬੰਦੇ ਮਿੱਥ ਮਿੱਥ ਕੇ, ਚੰਦਰੀ ਗਰੀਬੀ ਧੋਖਾ ਦੇਵੇ ਭੁੱਖ ਨੂੰ ਅੱਧੀ ਰਾਤੀਂ ਪੀਵੇ ਲੱਸੀ ਚਿੱਥ ਚਿੱਥ ਕੇ।’ ਕਿੱਥੇ ਗੁਰੂ ਘਰਾਂ ਦੀ ਦੁਰਵਰਤੋਂ ਦੀ ਗੱਲ ਤੇ ਕਿੱਥੇ ਗਰੀਬੀ ਦਾ ਵਾਸਤਾ। ਮੌਜੂਦਾ ਗਾਇਕੀ ’ਤੇ ਚੋਟ ਕਰਨ ਲੱਗਿਆ ਪੰਜਾਬੀ ਮਾਂ ਬੋਲੀ ਦੀ ਚੁੰਨੀ ਬਚਾਉਣ ਦਾ ਵਾਸਤਾ ਵੇਖਣ ਸੁਨਣ ਨੂੰ ਚੰਗਾ ਲੱਗਦਾ ਹੈ ਪਰ ਸਰੋਤਾ ਘੁੰਮਣਘੇਰੀਆਂ ਦੇ ਚੱਕਰਵਿਊ ਵਿਚ ਅਜਿਹਾ ਘਿਰ ਜਾਂਦਾ ਹੈ ਕਿ ਉਹ ਕਰੇ ਤਾਂ ਕੀ ਕਰੇ, ਕਿਸ ਦਿਸ਼ਾ ਨੂੰ ਤੁਰੇ ਤਾਂ ਕਿ ਸਮਾਜ ਲਈ ਕੁਝ ਚੰਗਾ ਕਰਨ ਦੀ ਕੋਸ਼ਿਸ ਕੀਤੀ ਜਾਵੇ।

ਸੈਂਕੜੇ ਹਿੱਟ ਗੀਤਾਂ ਦੇ ਗੀਤਕਾਰ ਤੇ ਪੰਜਾਬੀ ਗਜ਼ਲ ਦੇ ਮਹਾਂਰਥੀ ਹਰਜਿੰਦਰ ਬੱਲ ਹੁਰਾਂ ਨੇ ਕਿਹਾ ਕਿ ‘ਬਾਵੇ ਦੀ ਕੋਸ਼ਿਸ ਤਾਂ ਸਹੀ ਐ ਪਰ ਗੀਤਕਾਰ ‘ਲਵਲੀ ਨੂਰ’ ਨੇ ਗੀਤਕਾਰੀ ’ਚ ਅਨਾੜੀਪੁਣੇ ਦਾ ਖਿਲਾਰਾ ਪਾ ਕੇ ਰੱਖ ਦਿੱਤਾ ਹੈ। ਜੇਕਰ ਇਸਨੇ ਹਾਲੇ ਵੀ ਸਿੱਖਣ ਦੀ ਭਾਵ ਵਿਸ਼ੇ ਦੀ ਪਕੜ ਦੀ ਜਾਚ ਸਿੱਖਣ ਦੀ ਕੋਈ ਮੁਹਾਰਤ ਹਾਸਿਲ ਨਾ ਕੀਤੀ ਤਾਂ ਇਹ ਸਫਲ ਗੀਤਕਾਰ ਕਦੇ ਨਹੀਂ ਬਣ ਸਕਦਾ।’ ਤੁਕਬੰਦੀ ’ਤੇ ਵਧੇਰੇ ਜੋਰ ਦਿੰਦਾ ਬਹੁ ਪਰਤੀ ਵਿਸ਼ਿਆਂ ਨੂੰ ਟੱਚ ਕਰਕੇ ਉਸਨੇ ਆਪਣੇ ਕੱਚ ਘਰੜ ਗੀਤਕਾਰੀ ਦੀ ਸਮਝ ਦੇ ਅਨੁਭਵ ਦਾ ਅਹਿਸਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਸਾਡੀ ਗੀਤਕਾਰ ਭਰਾ ਨੂੰ ਸਲਾਹ ਹੈ ਕਿ ਉਹ ਹਾਲੇ ਇਤਿਹਾਸ ਬਾਰੇ ਕਿਤਾਬਾਂ ਪੜਨ ਵੱਲ ਧਿਆਨ ਕੇਂਦਰਿਤ ਕਰੇ।

ਗਾਇਕ ਤੇ ਗੀਤਕਾਰ ਸਿੰਗਾਰਾ ਸਿੰਘ ਚਹਿਲ ਦਾ ਕਥਨ ਹੈ ਕਿ ਗੀਤਕਾਰ ਨੇ ਗੀਤ ਵਿਚ ਇਤਿਹਾਸਕ ਵਰਤਾਰਿਆਂ ਨੂੰ ਆਪਣੇ ਗੀਤ ਦਾ ਹਿੱਸਾ ਬਣਾਇਆ ਹੈ ਤੇ ਮੁਕਾਬਲਤਨ ਅੱਜ ਦੇ ਦੌਰ ਦੀਆਂ ਘਟਨਾਵਾਂ ਦਾ ਜਿਕਰ ਕਰਨ ਦੀ ਕੋਸ਼ਿਸ ਕੀਤੀ ਹੈ ਪਰ ਉਹ ਸਹੀ ਦਿਸ਼ਾ ਵਿਚ ਗੀਤ ਦੀ ਰਚਨਾ ਕਰਨ ’ਚ ਅਸਮਰੱਥ ਰਿਹਾ ਹੈ। ਇਤਿਹਾਸਕ ਘਟਨਾਵਾਂ ਨਾਲ ਸਮਾਜਿਕ ਵਰਤਾਰਿਆਂ ਦਾ ਜਿਕਰ ਭਾਵੇਂ ਚੰਗਾ ਕਰਨ ਲਈ ਕੀਤਾ ਗਿਆ ਹੈ ਪਰ ਇਸ ਨਾਲ ਉਹ ਆਪਣੇ ਅਸਲ ਮਕਸਦ ਤੋਂ ਭਟਕ ਜਾਂਦਾ ਹੈ।

ਉਪਰੋਕਤ ਗੀਤਕਾਰਾਂ ਦੇ ਵਿਚਾਰਾਂ ਤੋਂ ਇਲਾਵਾ ਸਾਡਾ ਨਿੱਜੀ ਵਿਚਾਰ ਹੈ ਕਿ ਗੀਤਕਾਰ ਨੇ ਭਾਵੇਂ ਹੀ ਇਤਿਹਾਸਕ ਸਮਾਜਿਕ ਤੇ ਅਜੋਕੇ ਦੌਰ ਨੂੰ ਆਪਣੇ ਗੀਤ ਦਾ ਹਿੱਸਾ ਬਣਾਇਆ ਹੈ ਪਰ ਉਹ ਸਰੋਤੇ ਨੂੰ ਕੋਈ ਦਿਸ਼ਾ ਦੇਣ ’ਚ ਨਾ ਕਾਮਯਾਬ ਰਿਹਾ ਹੈ। ਜੇਕਰ ਪੁਲਿਸ (ਧੱਕੇਸ਼ਾਹੀ) ਕਰਦੀ ਐ, ਪੈਸੇ ਵਾਲੇ ਬੰਦੇ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਕਰਦੇ ਹਨ, ਗਾਇਕ ਪੰਜਾਬੀ ਮਾਂ ਬੋਲੀ ਦੀ ਚੁੰਨੀ ਲੀਰੋ ਲੀਰ ਕਰੀ ਜਾਂਦੇ ਨੇ, ਮਾਵਾਂ ਸਾਧਾਂ ਦੀਆਂ ਚੌਂਕੀਆਂ ਭਰਦੀਆਂ ਨੇ, ਦਸਮੇਸ਼ ਪਿਤਾ ਜੀ ਦੇ ਜਫਰਨਾਮੇ ਨੇ ਔਰੰਗਜੇਬ ਨੂੰ ਕਿਵੇਂ ਮੌਤ ਦੇ ਮੂੰਹ ਡੇਗਿਆ, ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀਆਂ ਪਾਈਆਂ, ਪਰ ਸਰੋਤਾ ਇੰਨ੍ਹਾਂ ਵਰਤਾਰਿਆਂ ਤੋਂ ਕੀ ਸਿੱਖਿਆ ਲਵੇ ਤੇ ਉਸਦਾ ਫਰਜ ਕੀ ਹੋਵੇ, ਗੀਤਕਾਰ ਇਹ ਸੰਦੇਸ਼ ਦੇਣ ’ਚ ਨਾ-ਕਾਮਯਾਬ ਰਿਹਾ ਹੈ। ਇਸਦੇ ਬਾਵਜੂਦ ਵੀ ਕਮੀਆਂ ਗੀਤ ’ਚ ਹੋਰ ਬਥੇਰੀਆਂ ਨੇ ਪਰ ਬਾਵੇ ਦੀ ਗਾਇਕੀ ਦੀ ਦਾਦ ਦੇਣੀ ਬਣਦੀ ਹੈ, ਬਸ ਸਾਡੀ ਇੱਕ ਸਲਾਹ ਜਰੂਰ ਹੈ ਕਿ ਸੰਜੀਦਾ ਤੇ ਭਾਵਪੂਰਕ ਗੀਤਾਂ ਦੀ ਚੋਣ ਸਮੇਂ ਸੂਝਵਾਨ ਵਿਦਵਾਨ ਸੱਜਣਾਂ ਦੀ ਰਾਏ ਹਾਸਿਲ ਕਰਨ ਨਾਲ ਬਹੁਤ ਕੁਝ ਚੰਗਾ ਹੋ ਸਕਦਾ ਹੈ।

ਰਘਵੀਰ ਸਿੰਘ ਚੰਗਾਲ

ਧਨੌਲਾ (ਬਰਨਾਲਾ)

98552-64144

 

ਵੀਡੀਓ

ਹੋਰ
Have something to say? Post your comment
X