-ਸੁਰਜੀਤ ਜੱਸਲ -
ਰਾਜ ਬਰਾੜ ਪੰਜਾਬੀ ਸੰਗੀਤ ਦਾ ਨਾਮੀ ਕਲਾਕਾਰ ਸੀ ਜਿਸਨੇ ਬੜੇ ਹੀ ਖੂਬਸੁਰਤ ਗੀਤਾਂ ਦੀ ਸਿਰਜਣਾ ਕਰਕੇ ਸੁਰੀਲੀ ਆਵਾਜ਼ ਦਿੱਤੀ। ਉਸਦਾ ਬੇਵਕਤੇ ਤੁਰ ਜਾਣਾ ਪੰਜਾਬੀ ਸੰਗੀਤ ‘ਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਰਾਜ ਬਰਾੜ ਜਿੰਨ੍ਹਾਂ ਵਧੀਆ ਗਾਇਕ ਤੇ ਗੀਤਕਾਰ ਸੀ ਉਨ੍ਹਾਂ ਹੀ ਵਧੀਆ ਅਦਾਕਾਰ ਵੀ। ਗਾਇਕੀ ਤੋਂ ਬਾਅਦ ਉਸਦੇ ਕਦਮ ਫ਼ਿਲਮਾਂ ਵੱਲ ਵਧ ਰਹੇ ਸੀ। ਉਸਨੇ ‘ ਪੁਲਿਸ ਇੰਨ ਪੌਲੀਵੁੱਡ’ ਅਤੇ ‘ ਜਵਾਨੀ ਜਿੰਦਾਬਾਦ’ ਫ਼ਿਲਮਾਂ ਕੀਤੀਆਂ। ਕਈ ਫ਼ਿਲਮਾਂ ਦਾ ਕੰਮ ਅਜੇ ਬਾਕੀ ਸੀ ਜੋ ‘ਹੋਣੀ’ ਨੇ ਪੂਰਾ ਨਾ ਹੋਣ ਦਿੱਤਾ।(MOREPIC1) ਜ਼ਿਕਰਯੋਗ ਹੈ ਕਿ ਹੁਣ ਉਸਦੀ ਹੋਣਹਾਰ ਧੀ ਸਵਿਤਾਜ ਬਰਾੜ ਆਪਣੇ ਪਿਤਾ ਦੇ ਸੁਪਨੇ ਪੂਰੇ ਕਰਨ ਦੀ ਸੋਚ ਨਾਲ ਗਾਇਕੀ ਦੇ ਨਾਲ ਨਾਲ ਪੰਜਾਬੀ ਸਿਨਮੇ ਲਈ ਵੀ ਸਰਗਰਮ ਹੈ। ਕਈ ਨਾਮੀਂ ਗਾਇਕਾਂ ਨਾਲ ਉਸਦੇ ਗੀਤ ਦਰਸ਼ਕਾਂ ਦੀ ਪਸੰਦ ਬਣੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਸਿੱਧੂ ਮੂਸੇ ਵਾਲੇ ਨਾਲ ਆਈ ਫ਼ਿਲਮ ‘ਮੂਸਾ ਜੱਟ’ ਵਿੱਚ ਵੀ ਉਸਦੀ ਅਦਾਕਾਰੀ ਵੇਖਣ ਨੂੰ ਮਿਲੀ। ਭਾਵੇਂਕਿ ‘ਮੂਸਾ ਜੱਟ’ ਸਵਿਤਾਜ ਦੀ ਪਹਿਲੀ ਫ਼ਿਲਮ ਸੀ ਪਰ ਉਸਨੇ ਸੂਟਿੰਗ ਦੌਰਾਨ ਸੀਨੀਅਰ ਕਲਾਕਾਰਾਂ ਤੋਂ ਵੀ ਬਹੁਤ ਕੁਝ ਸਿੱਖਿਆ। ਭਾਵੇਂਕਿ ਪਹਿਲੀ ਫ਼ਿਲਮ ਨੇ ਉਸਨੂੰ ਖ਼ਾਸ ਪਹਿਚਾਣ ਨਾ ਦਿੱਤੀ ਪਰ ਦਰਸ਼ਕਾਂ ਨੇ ਉਸਦੀ ਆਮਦ ਨੂੰ ਖਿੜੇ ਮੱਥੇ ਜੀ ਆਇਆ ਕਿਹਾ। ਸਵੀਤਾਜ ਨੇ ਆਪਣੀਆਂ ਕਮੀਆਂ ਨੂੰ ਦੂਰ ਲਈ ਹੋਰ ਮੇਹਨਤ ਕੀਤੀ ਅਤੇ ਬਹੁਤ ਜਲਦ ਉਸਦੀ ਹਰੀਸ਼ ਵਰਮਾ ਨਾਲ ਇੱਕ ਰੁਮਾਂਟਿਕ ਫ਼ਿਲਮ ‘ ਤੇਰੇ ਲਈ ’ ਆ ਰਹੀ ਹੈ । ਸਵਿਤਾਜ ਬਰਾੜ ਮੁਤਾਬਕ ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ ਜੋ ਉਸਦੇ ਫ਼ਿਲਮੀ ਖੇਤਰ ਵਿੱਚ ਪੈਰ ਮਜਬੂਤ ਕਰੇਗੀ। ਇਸ ਵਿੱਚ ਉਹ ਇਕ ਐਸੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਉਂਦੀ ਹੈ। ਘਰ ਤੋਂ ਦੂਰ ਰਹਿ ਕੇ ਨੌਕਰੀ ਕਰ ਰਹੀ ਉੁਸ ਕੁੜੀ ਦੀ ਜ਼ਿੰਦਗੀ ਇਕ ਦਮ ਉਦੋਂ ਪਲਟਦੀ ਹੈ ਜਦੋਂ ਉਸਦਾ ਪਰਿਵਾਰ ਉਸਦੀ ਬਿਨਾਂ ਕਿਸੇ ਰਜਾਮੰਦੀ ਤੋਂ ਉਸਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। ਉਸਦਾ ਇਹ ਕਿਰਦਾਰ ਅਜੋਕੀ ਨੌਜਵਾਨ ਪੀੜ੍ਹੀ ਤੋਂ ਪ੍ਰੇਰਿਤ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਅਜੋਕੀ ਨੌਜਵਾਨ ਪੀੜੀ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ।
ਫ਼ਿਲਮਾਂ ਤੋਂ ਇਲਾਵਾ ਦਰਸ਼ਕ ਸਵਿਤਾਜ ਨੂੰ ਐਮੀ ਵਿਰਕ ਤੇ ਗੀਤ ‘ ਜੱਟ ਖੱਬੀ ਸੀਟ ‘ਤੇ ਬੰਦੂਕ ਰੱਖਦਾ..’ ਜੌਰਡਨ ਸੰਧੂ ਦੇ ਗੀਤ ‘ ਮੁੰਡਾ ਸਰਦਾਰਾਂ ਦਾ..’ ਵਿੱਚ ਵੀ ਵੇਢ ਪਸੰਦ ਕਰ ਚੁੱਕੇ ਹਨ। ਸਵਿਤਾਜ ਬਰਾੜ ਕੋਲ ਭਵਿੱਖ ਵਿੱਚ ਕਈ ਚੰਗੀਆਂ ਫ਼ਿਲਮਾਂ ਹਨ ਜੋ ਉਸਦੇ ਫ਼ਿਲਮੀ ਕਰੀਅਰ ਮਜਬੂਤ ਕਰਨਗੀਆ।
-ਸੁਰਜੀਤ ਜੱਸਲ 981460773