ਚੰਡੀਗੜ੍ਹ, 7 ਫਰਵਰੀ :
ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਜ਼ਿਲ੍ਹੇ ਵਿਚ ਇਕ ਗੀਤ ਨੂੰ ਲੈ ਕੇ ਮਾਮਲਾ ਦਰਜ ਹੋਇਆ ਹੈ। ਪ੍ਰੋ. ਪੰਡਿਤ ਰਾਓ ਧਰੇਨਵਰ ਵੱਲੋਂ ਮੋਗਾ ਜ਼ਿਲ੍ਹੇ ਦੇ ਐਸਐਸਪੀ ਨੂੰ ਸ਼ਿਕਾਇਤ ਕਰਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਜ਼ਿਲ੍ਹੇ ਦੇ ਥਾਣਾ ਮਹਿਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਦੱਸਿਆ ਕਿ ਸਿੱਪੀ ਗਿੱਲ ਵੱਲੋਂ ਜਨਵਰੀ 2020 ਵਿਚ ‘ਗੁੰਡਾਗਰਦੀ’ ਗੀਤ ਗਾਇਆ ਗਿਆ ਸੀ, ਜਿਸ ਵਿਚ ਹਥਿਆਰਾਂ ਨੂੰ ਦਿਖਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਵੀ ਹੁਕਮ ਹੋ ਚੁੱਕੇ ਹਨ ਕਿ ਅਜਿਹੇ ਗੀਤ ਨਾ ਗਾਏ ਜਾਣ, ਪਰ ਕੁਝ ਪੰਜਾਬੀ ਗਾਇਕ ਅਜਿਹੇ ਗੀਤ ਗਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਭੜਕਾਊ ਗੀਤ ਗਾਉਣ ਵਾਲੇ ਹੋਰ ਗਾਇਕਾਂ ਖਿਲਾਫ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।