ਮਾਨਸਾ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਅੱਜ ਮੰਗਲਵਾਰ ਨੂੰ ਪਾਠ ਤੋਂ ਬਾਅਦ ਅਰਦਾਸ ਉਪਰੰਤ 10 ਵਜੇ ਸਿੱਧੂ ਮੂਸੇਵਾਲਾ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੀਤ ਦਾ ਟਾਈਟਲ 'ਵਾਰ' ਰੱਖਿਆ ਗਿਆ ਹੈ। ਇਹ ਗੀਤ ਵੀ ਅਸਲ ਵਿੱਚ ਇੱਕ 'ਵਾਰ' ਹੈ, ਜੋ ਪੰਜਾਬ ਦੇ ਸੂਰਬੀਰ ਯੋਧੇ ਹਰੀ ਸਿੰਘ ਨਲਵਾ ਲਈ ਗਾਈ ਗਈ ਹੈ। ਇਹ ‘ਵਾਰ’ ਸਿੱਧੂ ਮੂਸੇਵਾਲਾ ਨੇ ਗਾਈ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਬੇਟੇ ਲਈ ਇਨਸਾਫ਼ ਦੀ ਅਪੀਲ ਕਰ ਚੁੱਕੇ ਹਨ।