ਨਾਟਕ ਮੇਲੇ ਦੀ 14ਵੀਂ ਸ਼ਾਮ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਬਠਿੰਡਾ, 15 ਅਕਤੂਬਰ- ਦੇਸ਼ ਕਲਿੱਕ ਬਿਓਰੋ
ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਨਾਟਿਅਮ ਪੰਜਾਬ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 14ਵੀਂ ਸ਼ਾਮ ਨੂੰ ਸਮਾਜਿਕ ਕਲਿਆਣ, ਮਹਿਲਾ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆ ਮੰਤਰੀ ਪੰਜਾਬ ਸਰਕਾਰ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਨਾਟਕ ਮੇਲੇ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਹੋ ਰਹੇ ਇਸ ਨਾਟਕ ਮੇਲੇ ਵਿਚ ਅੱਜ ਭੋਪਾਲ ਤੋਂ ਥਰਡ ਬੈੱਲ ਕਲਚਰਲ ਸੋਸਾਇਟੀ ਦੀ ਟੀਮ ਵੱਲੋਂ ਅਨੂਪ ਜੋਸ਼ੀ ਦੇ ਨਿਰਦੇਸ਼ਨ ਵਿਚ ਵਿਜੇ ਤੇਂਦੁਲਕਰ ਦਾ ਲਿਖਿਆ ਹਿੰਦੀ ਨਾਟਕ 'ਪਲੀਜ਼ ਮਤ ਜਾਓ' ਪੇਸ਼ ਕੀਤਾ ਗਿਆ। ਜਿਸ ਵਿੱਚ ਇੱਕ ਪਾਤਰ ਦੇ ਵੱਖੋ-ਵੱਖ ਮਹਿਲਾਵਾਂ ਨਾਲ ਸਬੰਧਾਂ ਅਤੇ ਮੁਲਾਕਾਤਾਂ ਰਾਹੀਂ ਮਨੁੱਖ ਦਾ ਸੁੰਦਰਤਾ 'ਤੇ ਪੈਸੇ ਵੱਲ ਆਕਰਸ਼ਣ ਅਤੇ ਅੰਦਰੂਨੀ ਖਾਲੀਪਨ 'ਤੇ ਇਕੱਲਤਾ ਵਰਗੀਆਂ ਚੁਣੌਤੀਆਂ ਨੂੰ ਦਿਖਾਇਆ ਗਿਆ। ਪ੍ਰੋਗਰਾਮ ਦੌਰਾਨ ਰਾਜੀਵ ਅਰੋੜਾ, ਡਾਇਰੈਕਟਰ ਐਫਐਮ ਬਠਿੰਡਾ, ਇੰਜ ਰਾਜੀਵ ਢੀਂਗਰਾ, ਈਈ ਇਰਰੀਗੇਸ਼ਨ, ਅਤੇ ਭੁਪਿੰਦਰ ਬਾਂਸਲ ਸੀਏ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪ੍ਰੋਗਰਾਮ ਦੀ ਰੌਣਕ ਵਿੱਚ ਵਾਧਾ ਕੀਤਾ ਗਿਆ।