ਥਿਏਟਰ ਫਾਰ ਥਿਏਟਰ ਦੇ ਕਲਾਕਾਰਾਂ ਦੁਆਰਾ ਹਿੰਦੀ ਨਾਟਕ ਪੇਸ਼
ਬਠਿੰਡਾ, 10 ਅਕਤੂਬਰ- ਦੇਸ਼ ਕਲਿੱਕ ਬਿਓਰੋ
ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਐਮ.ਆਰ.ਐਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 9ਵੀਂ ਸ਼ਾਮ ਨੂੰ ਥਿਏਟਰ ਫਾਰ ਥਿਏਟਰ ਦੇ ਕਲਾਕਾਰਾਂ ਦੁਆਰਾ ਸ਼ਹੀਦ ਊਧਮ ਸਿੰਘ ਦੇ ਜੀਵਨ ਤੇ ਆਧਾਰਤ ਹਿੰਦੀ ਨਾਟਕ ‘ਸ਼ਹੀਦ ਊਧਮ ਸਿੰਘ’ ਪੇਸ਼ ਕੀਤਾ ਗਿਆ। ਸੁਦੇਸ਼ ਸ਼ਰਮਾ ਦੁਆਰਾ ਨਿਰਦੇਸ਼ਤ ਅਤੇ ਸੀ. ਐਸ. ਸਿਂਧਰਾ ਦੁਆਰਾ ਲਿਖੇ ਨਾਟਕ ‘ਸ਼ਹੀਦ ਊਧਮ ਸਿੰਘ’ ਵਿਚ ਸ਼ਹੀਦ ਦੇ ਵਿਚਾਰਾਂ ਅਤੇ ਅਜ਼ਾਦੀ ਵਿਚ ਉਹਨਾਂ ਦੇ ਯੋਗਦਾਨ ਨੂੰ ਕਲਾਕਾਰਾਂ ਨੇ ਬਹੁਤ ਵਧੀਆ ਢੰਗ ਨਾਲ ਦਿਖਾਇਆ। ਜਿਸ ਵਿੱਚ 1919 ਜਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲੈਣ ਲਈ ਲੰਡਨ ਦੇ ਕਾਕਸਟਾਊਂਨ ਹਾਲ ਵਿਚ ਜਨਰਲ ਓਡਵਾਇਰ ਦੇ ਅੰਤ ਕਰਨ ਤੱਕ ਦਾ ਸਫਰ ਸ਼ਾਮਿਲ ਸੀ।
ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾ ਨੇ ਸ਼ਮ੍ਹਾ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਜਿਸ ਵਿਚ ਡਾ. ਮੋਹਨ ਲਾਲ ਗਰਗ, ਡੀਨ ਡਾ. ਸਵਿਨਾ ਬਾਂਸਲ, ਡੀਨ ਡਾ. ਆਰ ਕੇ ਬਾਂਸਲ ਸ਼ਾਮਿਲ ਸਨ। ਮਹਿਮਾਨਾਂ ਨੇ ਨਾਟਿਅਮ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।