-ਸੁਰਜੀਤ ਜੱਸਲ-
ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਨਾਲ ਮੋਹ ਸਦਾ ਹੀ ਬਰਕਰਾਰ ਰਿਹਾ ਹੈ। ਆਪਣੇ ਵਤਨ ਤੋਂ ਦੂਰ ਬੈਠੇ ਪੰਜਾਬੀਆਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਮਾਂ ਬੋਲੀ ਅਤੇ ਭਾਈਚਾਰੇ ਨਾਲ ਜੁੜੇ ਰਹਿ ਸਕਣ। ਅਜਿਹੇ ਪੰਜਾਬੀਆਂ ਵਿਚੋਂ ਇੱਕ ਹੈ ਯੂ ਕੇ ਵਾਲਾ ਬਾਗੀ ਸੰਧੂ ਰੁੜਕਾ ਕਲਾਂ ਜੋ ਅਦਾਕਾਰੀ ਤੋਂ ਬਾਅਦ ਹੁਣ ਬਤੌਰ ਨਿਰਮਾਤਾ ਪੰਜਾਬੀ ਸਿਨਮੇ ਦੇ ਦਰਸ਼ਕਾਂ ਨੂੰ ਮਨੋਰੰਜਨ ਭਰਪੂਰ ਫ਼ਿਲਮਾਂ ਜ਼ਰੀਏ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ।
ਬਾਗੀ ਸੰਧੂ ਜਲੰਧਰ ਜਿਲ੍ਹਾ ਦੇ ਪਿੰਡ ਰੁੜਕਾ ਕਲਾਂ ਤੋਂ ਹਨ ਜੋ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਵਸਿਆ ਹੋਇਆ ਹੈ। ਵਿਦੇਸ਼ੀ ਧਰਤੀ ‘ਤੇ ਅਣਥੱਕ ਮੇਹਨਤ ਕਰਦਿਆਂ ਉਨ੍ਹਾਂ ਆਪਣੇ ਅੰਦਰਲੀ ਕਲਾ ਦੀ ਚਿਣਗ ਨੂੰ ਨਹੀਂ ਬੁੱਝਣ ਦਿੱਤਾ। ਪਿਤਾ ਅਜੀਤ ਸਿੰਘ ਸੰਧੂ ਤੇ ਮਾਤਾ ਸਵਰਣ ਕੌਰ ਸੰਧੂ ਦੇ ਜਲੰਧਰ ਜਿਲ੍ਹਾ ਦੇ ਸਾਂਈਆਂ ਦੇ ਦਰਬਾਰ ਕਰਕੇ ਜਾਣੇ ਜਾਂਦੇ ਨਾਮੀਂ ਪਿੰਡ ਰੁੜਕਾ ਵਿਖੇ ਜਨਮੇਂ ਦਿਲਬਾਗ ਸਿੰਘ ਸੰਧੂ ਉਰਫ਼ ਬਾਗੀ ਸੰਧੂ ਨੇ ਦੱਸਿਆ ਕਿ ਉਸਨੂੰ ਕਲਾ ਨਾਲ ਮੋਹ ਨਿੱਕੇ ਹੁੰਦਿਆਂ ਹੀ ਪੈ ਗਿਆ ਸੀ। ਉਸਨੂੰ ਪਹਿਲਾਂ ਦਾਰਾ ਸਿੰਘ ਦੀਆਂ ਕੁਸ਼ਤੀਆਂ ਨੇ ਪ੍ਰਭਾਵਤ ਕੀਤਾ ਫ਼ਿਰ ਫ਼ਿਲਮਾਂ ਨੇ। ਉਹ ਦਾਰਾ ਸਿੰਘ ਦੀਆਂ ਫ਼ਿਲਮਾਂ ਦਾ ਮੁਰੀਦ ਹੋ ਗਿਆ। ਉਸ ਅੰਦਰ ਵੀ ਫ਼ਿਲਮ ਖੇਤਰ ਵਿੱਚ ਕੁਝ ਕਰਨ ਦੀ ਚਿਣਗ ਪੈਦਾ ਹੋ ਗਈ। ਇਸੇ ਦੌਰਾਨ ਉਨ੍ਹਾਂ ਦਾ ਅੰਨ-ਜਲ ਉਨਾਂ ਨੂੰ ਵਿਦੇਸ਼ ਲੈ ਗਿਆ, ਜਿੱਥੇ ਭਾਰੀ ਮੁਸ਼ਕੱਤਾਂ ਭਰੀ ਜਿੰਦਗੀ ਵਿੱਚ ਵੀ ਕਲਾ ਦੀ ਚਿੰਗਾਰੀ ਧੁੱਖਦੀ ਰਹੀ। ਸਮਾਂ ਆਇਆ ਤਾਂ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਸੁਰਿੰਦਰ ਵਾਲੀਆ ਨਾਲ ਮਿਲ ਕੇ ਪੰਜਾਬੀ ਫ਼ਿਲਮ ‘ਸ਼ੇਰਾਂ ਦੇ ਪੁੱਤ ਸ਼ੇਰ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਵਿੱਚ ਉਨ੍ਹਾਂ ਅਦਾਕਾਰੀ ਦੇ ਨਾਲ ਨਾਲ ਬਤੌਰ ਸਹਿ ਨਿਰਮਾਤਾ ਵੀ ਆਪਣਾ ਯੋਗਦਾਨ ਪਾਇਆ। ਉਸ ਤੋਂ ਬਾਅਦ ਸੰਨ 84 ਦੇ ਦਿਨਾਂ ਦੀ ਦਾਸਤਾਨ ਬਿਆਨਦੀ ਫ਼ਿਲਮ ‘ਦਿੱਲੀ 1984’ ਵੀ ਕੀਤੀ। ਫ਼ਿਰ ਪੰਜਾਬੀ ਫ਼ਿਲਮ ‘ਤੁਣਕਾ ਪਿਆਰ ਦਾ’ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਬਾਾਗੀ ਸੰਧੂ ਰੁੜਕਾ ਕਲਾਂ ਨੇ ਦੱਸਿਆ ਕਿ ਉਸਨੇ ਪੰਜਾਬੀ ਦੇ ਇਲਾਵਾ ਦੋ ਬਾਲੀਵੁੱਡ ਫ਼ਿਲਮਾਂ ‘ਤੁਝੇ ਦੇਖ ਲੂੰਗਾ’ ਅਤੇ ‘ਵਿਜੈ ਸਾਗਰ’ ਵਿੱਚ ਵੀ ਅਹਿਮ ਕਿਰਦਾਰ ਨਿਭਾਏ। ਪ੍ਰੰਤੂ ਕਿਸੇ ਕਾਰਣ ਇਹ ਫ਼ਿਲਮਾਂ ਰਿਲੀਜ਼ ਨਾ ਹੋ ਸਕੀਆ। ਬਾਗੀ ਸੰਧੂ ਨੇ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਉਹ ਪੰਜਾਬੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਨਾਲ ਮੁੜ ਸਰਗਰਮ ਹੋਇਆ ਹੈ। ਹੁਣ ਬਹੁਤ ਜਲਦ ਉਨ੍ਹਾਂ ਦੀ ਇੱਕ ਹੋਰ ਨਵੀਂ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਰਿਲੀਜ਼ ਹੋਵੇਗੀ। ਲੇਖਕ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਦੀ ਇਹ ਫ਼ਿਲਮ ਮੌਜੂਦਾ ਦੌਰ ਦੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਨਵੇਂ ਮਨੋਰੰਜਨ ਨਾਲ ਦਰਸ਼ਕਾਂ ਦੀ ਪਸੰਦ ਬਣੇਗੀ। ਫ਼ਿਲਮ ਦਾ ਹੀਰੋ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਹੈ, ਜਿਸਨੇ ਪਹਿਲੀ ਵਾਰ ਭੂਤ ਦਾ ਕਿਰਦਾਰ ਨਿਭਾਉਂਦਿਆਂ ਕਮਾਲ ਦੀ ਅਦਾਕਾਰੀ ਵਿਖਾਈ ਹੈ। ਇਹ ਫ਼ਿਲਮ ਰੁਮਾਂਟਿਕ ਅਤੇ ਸਸਪੈਂਸ਼ ਭਰੀ ਕਾਮੇਡੀ ਦਾ ਲਾਜਵਾਬ ਤੜਕਾ ਹੈ। ਗੋਇਲ ਮਿਊਜ਼ਿਕ ਅਤੇ ਵਿੰਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕ-ਨਿਰਦੇਸ਼ਕ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਦੀ ਇਸ ਫ਼ਿਲਮ ਵਿਚ ਰਵਿੰਦਰ ਗਰੇਵਾਲ, ਮੋਲੀਨਾ ਸੋਢੀ, ਜਿੰਮੀ ਸ਼ਰਮਾਂ, ਗੁਰਮੀਤ ਸਾਜਨ,ਨਿਸ਼ਾ ਬਾਨੋ, ਅਨੀਤਾ ਮੀਤ, ਸੁੱਖੀ ਚਾਹਲ, ਮਨਜੀਤ ਮਨੀ, ਮਲਕੀਤ ਰੌਣੀ, ਪਰਮਿੰਦਰ ਕੌਰ ਗਿੱਲ, ਦਿਲਾਵਰ ਸਿੱਧੂ, ਸੁਖਦੇਵ ਬਰਨਾਲਾ, ਅੰਮ੍ਰਿਤਪਾਲ ਸਿੰਘ ਬਿੱਲਾ, ਸਤਿੰਦਰ ਕੌਰ, ਗੁਰਪ੍ਰੀਤ ਤੋਤੀ, ਜੱਸੀ ਮਾਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਦੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ ( ਯੂ ਕੇ) ਨੇ ਦੱਸਿਆ ਕਿ ਉਹ ਪੰਜਾਬੀ ਸਿਨਮੇ ਜ਼ਰੀਏ ਸਿਹਤਮੰਦ ਮਨੋਰੰਜਨ ਕਰਨ ਦੇ ਉਦੇਸ਼ ਨਾਲ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਆਸ ਹੈ ਕਿ ਪੰਜਾਬੀ ਸਿਨਮੇ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਪਿਆਰ ਦੇਣਗੇ।14 ਅਕਤੂਬਰ ਨੂੰ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਗੋਇਲ ਮਿਊਜ਼ਿਕ ਅਤੇ ਮਨਜੀਤ ਸਿੰਘ ਟੋਨੀ ਤੇ ਗੁੁਰਮੀਤ ਸਾਜਨ ਨੇ ਮਿਲ ਕੇ ਕੀਤਾ ਹੈ। ਜਿਸਦੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾ(ਯੂ ਕੇ), ਗੁਰਮੀਤ ਫੋਟੋਜਨਿਕ ਤੇ ਪਰਵਿੰਦਰ ਬਤਰਾ ਹਨ।
-ਸੁਰਜੀਤ ਜੱਸਲ # 9814697737