ਡਾ. ਨਿਰਮਲ ਜੌੜਾ, ਡਾ. ਭੁਪਿੰਦਰਪਾਲ ਸਿੰਘ, ਸੁਖਮੰਦਰ ਸਿੰਘ ਚੱਠਾ ਸਮੇਤ ਹੋਰਾਂ ਨੇ ਵਧਾਈ ਸ਼ਾਮ ਦੀ ਰੌਣਕ
ਬਠਿੰਡਾ, 5 ਅਕਤੂਬਰ – ਨਾਟਕ ਦੀ ਆਪਣੀ ਜ਼ੁਬਾਨ ਹੁੰਦੀ ਹੈ, ਜਿਸਨੂੰ ਕਲਾਕਾਰ ਆਪਣੇ ਹੁਨਰ ਰਾਹੀਂ ਪੇਸ਼ ਕਰਦੇ ਹਨ। ਇਸ ਗੱਲ੍ਹ ਦਾ ਸਬੂਤ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਕੌਮੀ ਨਾਟਕ ਮੇਲੇ ਦੀ ਚੌਥੀ ਸ਼ਾਮ ਵੇਖਣ ਨੂੰ ਮਿਲਿਆ ਜਦੋਂ ਰਾਜਸਥਾਨ ਦੇ ਜੈਪੁਰ ਤੋਂ ਆਈ ਕਲੰਧਰ ਸੋਸਾਇਟੀ ਦੀ ਟੀਮ ਵੱਲੋਂ ਆਪਣੇ ਸੱਭਿਆਚਾਰ ਦਾ ਪ੍ਰਦਰਸ਼ਨ ਕਰਦੇ ਹੋਏ ਰਾਜਸਥਾਨੀ ਨੌਟੰਕੀ ‘ਭੰਵਰਿਆ ਕਾਲੇਤ’ ਦਾ ਮੰਚਨ ਕੀਤਾ ਗਿਆ। ਸਿਕੰਦਰ ਖਾਨ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤੀ ਗਈ ਰਾਜਸਥਾਨੀ ਭਾਸ਼ਾ ਵਾਲੀ ਇਹ ਨੌਟੰਕੀ ਹੁਣ ਤੱਕ ਦੇ ਪੇਸ਼ ਹੋਏ ਨਾਟਕਾਂ ਤੋਂ ਅਲੱਗ ਸੀ, ਜਿਸ ਵਿੱਚ ਆਪਣੀ ਕਲਾ ਦਾ ਸਹੀ ਮੁੱਲ ਨਾ ਪੈਣ ਕਰਕੇ ਕੁਝ ਕਲਾਕਾਰ ਗਲਤ ਰਾਸਤੇ ‘ਤੇ ਪੈਜਾਂਦੇ ਹਨ ਪਰ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਕਰਮਾਂ ਦਾ ਫਲ ਭੁੱਗਤਣਾ ਪੈਂਦਾ ਹੈ।
ਇਸ ਮੌਕੇ ਪਹੁੰਚੀਆਂ ਸਨਮਾਨਿਤ ਸਖਸ਼ੀਅਤਾਂ ਵਿੱਚ ਪ੍ਰਸਿੱਧ ਮੰਚ ਸੰਚਾਲਕ ਡਾ. ਨਿਰਮਲ ਜੌੜਾ, ਐਮਆਰਐਸਪੀਟੀਯੂ ਤੋਂ ਡੀਐਸਵਾਈਡਬਲਿਊ ਡਾ. ਭੁਪਿੰਦਰਪਾਲ ਸਿੰਘ, ਫਤਿਹ ਗਰੁੱਪ ਆੱਫ ਇੰਸਟੀਟਿਊਸ਼ਨਜ਼ ਤੋਂ ਸੁਖਮੰਦਰ ਸਿੰਘ ਚੱਠਾ, ਫਰੀਦਕੋਟ ਤੋਂ ਪ੍ਰਿੰ ਕੁਮਾਰ ਜਗਦੇਵ ਅਤੇ ਗੁਰਸ਼ਿੰਦਰ ਸਰਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਟਿਅਮ ਟੀਮ ਨੂੰ ਇਸ ਕੌਮੀ ਆਯੋਜਨ ਲਈ ਵਧਾਈ ਦਿੱਤੀ ਗਈ।