ਬਲਾਤਕਾਰ ਦੀਆਂ ਪੀੜਤ ਮਹਿਲਾਵਾਂ ਦੇ ਦਰਦ ਨੂੰ ਕੀਤਾ ਪੇਸ਼
ਬਠਿੰਡਾ, 2 ਅਕਤੂਬਰ. ਦੇਸ਼ ਕਲਿੱਕ ਬਿਓਰੋ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਦੇ ਆਡੀਟੋਰੀਅਮ ਵਿੱਚ 11ਵੇਂ ਨਾਟਿਅਮ ਨਾਟਕ ਮੇਲੇ ਦਾ ਸ਼ਾਨਦਾਰ ਆਗਾਜ਼ ਨੌਜਵਾਨਾਂ ਦੇ ਭਰਪੂਰ ਉਤਸ਼ਾਹ ‘ਤੇ ਦਰਸ਼ਕਾਂ ਦੀ ਵੱਡੀ ਗਿਣਤੀ ਨਾਲ ਹੋਇਆ। ਇਸ ਮੌਕੇ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਬਲਾਤਕਾਰ ਦੀਆਂ ਪੀੜਤ ਮਹਿਲਾਵਾਂ ਦੇ ਦਰਦ ਨੂੰ ਪੇਸ਼ ਕਰਦਾ ਡਾ. ਰਵੇਲ ਸਿੰਘ ਦੇ ਲਿਖੇ ਨਾਟਕ ਮਰਜਾਣੀਆਂ ਦਾ ਸਫਲ ਮੰਚਨ ਕੀਤਾ ਗਿਆ, ਜਿਸਨੇ ਇੱਕ-ਸੁੱਧ ਹੋਕੇ ਦਰਸ਼ਕਾਂ ਨੂੰ ਸੋਚਾਂ ਵਿਚ ਪਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਠਿੰਡਾ ਸ਼ਹਿਰੀ ਤੋਂ ਐਮਐਲਏ ਜਗਰੂਪ ਸਿੰਘ ਗਿੱਲ ਨੇ ਥੇਟਰ ਕਲਾ ਨਾਲ ਬਠਿੰਡਾਵਾਸੀਆਂ ਨੂੰ ਜੋੜੀ ਰੱਖਣ ਲਈ ਕੀਰਤੀ ਕਿਰਪਾਲ ਹੁਣਾਂ ਦੀ ਪੂਰੀ ਟੀਮ ਦੀ ਸ਼ਲਾਂਘਾ ਕੀਤੀ। ਉਨ੍ਹਾਂ ਨਾਲ ਹਾਜ਼ਿਰ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਵੱਲੋਂ ਅਜਿਹੀ ਜਾਨਦਾਰ ਪੇਸ਼ਕਾਰੀ ਦੇਖਣ ਲਈ ਪਹੁੰਚਣ ‘ਤੇ ਸਾਰੇ ਦਰਸ਼ਕਾਂ ਨੂੰ ਵੀ ਵਧਾਈ ਦਿੱਤੀ ਗਈ। ਇਸ ਦੌਰਾਨ ਮੌਜੂਦ ਐਮਆਰਐਸਪੀਟੀਯੂ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਵੱਲੋਂ ਵੀ ਨਾਟਕ ਮੇਲੇ ਦੇ ਆਯੋਜਨ ਲਈ ਯੂਨੀਵਰਸਿਟੀ ਦੀ ਚੋਣ ਕਰਨ ਲਈ ਨਾਟਿਅਮ ਟੀਮ ਦਾ ਸਵਾਗਤ ਕੀਤਾ ਅਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਵਾਮੀ ਉਮੇਸ਼ਾਨੰਦ, ਡਾ. ਵਿਤੁਲ ਗੁਪਤਾ, ਡਾ. ਕਸ਼ਿਸ਼ ਗੁਪਤਾ ਅਤੇ ਸ਼ਹਿਰ ਦੀਆਂ ਹੋਰ ਜਾਣੀਆਂ ਮਾਣੀਆਂ ਹਸਤੀਆਂ ਮੌਜੂਦ ਸਨ।