-ਸੁਰਜੀਤ ਜੱਸਲ-
ਦਿਲਜੀਤ ਦੁਸਾਂਝ ਪੰਜਾਬੀ ਸਿਨੇਮੇ ਦਾ ਉਹ ਸੁਪਰਸਟਾਰ ਹੈ ਜਿਸਨੇ ਬਾਲੀਵੁੱਡ ਫ਼ਿਲਮਾਂ ਵਿਚ ਵੀ ਪੈਰ ਜਮਾਏ ਹਨ। ਜਿੱਥੇ ਉਸਨੇ ਕਾਮੇਡੀ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ, ਉਥੇ ਸਮਾਜਿਕ ਮੁੱਦੇ ਉਭਾਰਦੀਆਂ ਫ਼ਿਲਮਾਂ ਲਈ ਵੀ ਉਸਦਾ ਕੰਮ ਸ਼ਲਾਘਾਂ ਯੋਗ ਰਿਹਾ, ਜਿਸਦੀ ਮਿਸ਼ਾਲ ‘ਪੰਜਾਬ 1984,ਉਡੱਤਾ ਪੰਜਾਬ, ਫਿਲੌਰੀ, ਸੂਰਮਾ ਅਤੇ ਹੁਣੇ ਰਿਲੀਜ਼ ਹੋਈ ਫ਼ਿਲਮ ਜੋਗੀਹਨ। ਦਿਲਜੀਤ ਦੀ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਉਸਦੀਆਂ ਕਾਮੇਡੀ ਫ਼ਿਲਮਾਂ ਦੇ ਵਿਸ਼ੇ ਵੀ ਸਮਾਜ ਦੇ ਅਹਿਮ ਮੁੱਦਿਆਂ ਦੇ ਕੇਂਦ੍ਰਿਤ ਹੁੰਦੇ ਹਨ।(MOREPIC1) ਦਿਲਜੀਤ ਦਾ ਇਹ ਵੱਡਾ ਗੁਣ ਹੈ ਕਿ ਉਹ ਜੁੱਤੀਆਂ ਲਾਹ ਕੇ ਨਹੀਂ ਭੱਜਦਾ ਕਹਿਣ ਦਾ ਭਾਵ ਕਿ ਸਾਲ ਵਿਚ ਇੱਕ ਜਾਂ ਦੋ ਫ਼ਿਲਮਾਂ ਹੀ ਕਰਦਾ ਹੈ। ਦਰਸ਼ਕ ਵੀ ਉਸਦੀਆਂ ਫ਼ਿਲਮਾਂ ਲਈ ਉਡੀਕ ਰੱਖਦੇ ਹਨ।
ਇੰਨ੍ਹੀਂ ਦਿਨੀਂ ਦਿਲਜੀਤ ਆਪਣੀ ਨਵੀਂ ਫ਼ਿਲਮ ਬਾਬੇ ਭੰਗੜਾ ਪਾਉਂਦੇ ਨੇ ਨਾਲ ਖੂਬ ਚਰਚਾ ਵਿਚ ਹੈ। 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਆਇਆ ਹੈ ਜਿਸਨੂੰ ਦੇਖ ਇਹ ਤਾਂ ਸ਼ਪਸ਼ਟ ਹੈ ਕਿ ਇਸ ਫ਼ਿਲਮ ਵਿਚ ਵੀ ਉਹ ਦਰਸ਼ਕਾਂ ਨੂੰ ਖੂਬ ਹਸਾਵੇਗਾ। ਪਹਿਲੀਆਂ ਫ਼ਿਲਮਾਂ ਵਾਂਗ ਇਸ ਫ਼ਿਲਮ ਦਾ ਵਿਸ਼ਾ ਵਸਤੂ ਵੀ ਵਿਦੇਸ਼ੀ ਕਲਚਰ ਦੇ ਮਾਹੌਲ ਅਧਾਰਤ ਹੈ। ਦਿਲਜੀਤ ਤੇ ਉਸਦੇ ਦੋ ਮਿੱਤਰ ਜੋ ਪੰਜਾਬ ਤੋਂ ਨਵੇਂ ਨਵੇਂ ਬਾਹਰ ਗਏ ਹਨ ਅਤੇ ਕੋਈ ਅਜਿਹਾ ਰਸਤਾ ਲੱਭਦੇ ਹਨ ਕਿ ਰਾਤੋ ਰਾਤ ਅਮੀਰ ਹੋਇਆ ਜਾਵੇ। ਇਸੇ ਦੌਰਾਨ ਉਹ ਇੱਕ ਬਿਰਧ ਆਸ਼ਰਮ ਚੋਂ ਇੱਕ ਬਿਮਾਰ ਬਜੁਰਗ ਨੂੰ ਗੋਦ ਲੈ ਕੇ, ਸਕੇ ਮਾਪਿਆਂ ਦੇ ਪੁੱਤਾਂ ਵਰਗਾ ਪਿਆਰ, ਸੇਵਾ ਸੰਭਾਲ ਕਰਦੇ ਹਨ ਤਾਂ ਕਿ ਉਸਦੀ ਮੌਤ ਤੋਂ ਬਾਅਦ ਇੰਸੋਰੰਸ਼ ਦਾ ਪੈਸਾ ਉਨ੍ਹਾਂ ਨੂੰ ਹਾਸਲ ਹੋ ਸਕੇ, ਪ੍ਰੰਤੂ ਹਾਲਾਤ ਉਨ੍ਹਾਂ ਦੀ ਸੋਚ ਅਤੇ ਇੰਸੋਰੰਸ਼ ਦੀਆਂ ਸ਼ਰਤਾਂ ਤੋਂ ਉਲਟ ਹੋ ਜਾਂਦੇ ਹਨ। ਜਿਸ ਕਰਕੇ ਫ਼ਿਲਮ ਦੀ ਕਹਾਣੀ ਕਾਮੇਡੀ ਦੇ ਨਵੇਂ ਕਿੱਸੇ ਪੇਸ਼ ਕਰਦੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੇ ਟਰੇਲਰ ਦੇ ਨਾਲ ਹੀ ਇਸਦੇ ਦੋਗੀਤ (ਕੋਕਾ ਅਤੇ ਬੈਚੂਲਰ ਪਾਰਟੀ) ਵੀ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈ।
ਇਸ ਫ਼ਿਲਮ ਵਿਚ ਦਿਲਜੀਤ ਦੁਸਾਂਝ, ਸਰਗੁਣ ਮੇਹਤਾ, ਸੰਗਤਾਰ ਸਿੰਘ, ਸੁਹੇਲ ਅਹਿਮਦ, ਗੁਰਪ੍ਰੀਤ ਭੰਗੂ, ਜੇਸੀਕਾ ਗਿੱਲ, ਬੀ ਕੇ ਰੱਖੜਾ, ਬਲਜਿੰਦਰ ਜੌਹਲ, ਡਾ. ਪਰਗਟ ਸਿੰਘ ਭੁਰਜੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਅਮਰਜੀਤ ਸਿੰਘ ਸਾਰੋਂ ਦੀ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ ਦੇ ਗੀਤ ਰਾਜ ਰਣਜੋਧ, ਹੈਪੀ ਰਾਇਕੋਟੀ ਅਤੇ ਸੀਮੂ ਢਿਲੋਂ ਨੇ ਲਿਖੇ ਹਨ, ਜਿਨ੍ਹਾਂ ਨੂੰ ਦਿਲਜੀਤ ਦੁਸਾਂਝ, ਇੰਦਰਜੀਤ ਨਿੱਕੂ, ਰਾਜ ਰਣਜੋਧ ਨੇ ਗਾਇਆ ਹੈ। ਫ਼ਿਲਮ ਦੇ ਨਿਰਮਾਤਾ ਦਿਲਜੀਤ ਦੁਸਾਂਝ ਅਤੇ ਦਿਲਜੀਤ ਥਿੰਦ ਹਨ।
ਸੰਪਰਕ: 9814607737