-ਸੁਰਜੀਤ ਜੱਸਲ -
ਪੰਜਾਬੀ ਸਿਨੇਮੇ ਵਿਚ ਬਹੁਤ ਘੱਟ ਅਜਿਹੀਆਂ ਫ਼ਿਲਮਾਂ ਬਣਦੀਆਂ ਹਨ ਜੋ ਦਰਸ਼ਕਾਂ ਦੇ ਧੁਰ ਅੰਦਰ ਲਹਿ ਜਾਂਦੀਆਂ ਹਨ। ਕਾਮੇਡੀ ਅਤੇ ਵਿਆਹ ਦੀਆਂ ਫ਼ਿਲਮਾਂ ਦੇ ਮੁਕਾਬਲੇ ਰੁਮਾਂਸਮਈ ਫ਼ਿਲਮਾਂ ਦਾ ਦੌਰ ਸੁਰੂ ਕਰਨ ਵਾਲੇ ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਸਨੇ ‘ਕਿਸਮਤ, ਸੁਫ਼ਨਾ, ਲੇਖ’ ਅਤੇ ਹੁਣ ‘ਮੋਹ’ ਵਰਗੀਆਂ ਸੰਗੀਤਮਈ ਰੁਮਾਂਟਿਕ ਫ਼ਿਲਮਾਂ ਦੀ ਲੜੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਬੀਤੇ ਦਿਨੀ ਰਿਲੀਜ਼ ਹੋਈ ਉਸਦੀ ਨਵੀਂ ਫ਼ਿਲਮ ‘ਮੋਹ’ ਬਾਰੇ ਗੱਲ ਕਰਦਿਆਂ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਸਿਨੇਮੇ ਨੂੰ ਗੀਤਾਂਜ ਬਿੰਦਰੱਖੀਆ ਜਿਹਾ ਸੰਭਾਵਨਾਵਾਂ ਭਰਪੂਰ ਅਦਾਕਾਰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਲੰਮੀ ਹੇਕ ਵਾਲੇ ਗਾਇਕ ਸੁਰਜੀਤ ਬਿੰਦਰੱਖੀਆ ਦੇ ਹੋਣਹਾਰ ਬੇਟੇ ਗਿਤਾਂਜ ਦੀ ਇਹ ਪਹਿਲੀ ਫ਼ਿਲਮ ਹੈ ਜਿਸ ਵਿਚ ਉਸਨੇ ਰੱਬੀ ਦਾ ਕਿਰਦਾਰ ਨਿਭਾਇਆ ਹੈ।
ਮੋਹ ਪਿਆਰ ਦਾ ਸੋਧਿਆ ਹੋਇਆ ਮਲਵਈ ਜੁਬਾਨ ਦਾ ਇੱਕ ਪ੍ਰਚੱਲਿਤ ਸ਼ਬਦ ਹੈ ਜਿਸਦੀ ਡੁੰਘਾਈ ਦਾ ਅਹਿਸਾਸ ਫ਼ਿਲਮ ‘ਮੋਹ’ ਵੇਖਦਿਆਂ ਹੀ ਮਹਿਸੂਸ ਹੁੰਦਾ ਹੈ। ਜਿਸਮਾਂ ਦੀ ਭੁੱਖ ਤੋਂ ਕੋਹਾਂ ਦੂਰ, ਸੁੱਚੀਆਂ ਪਾਕ ਪਵਿੱਤਰ ਰੂਹਾਂ ਵਾਲਾ ਮੋਹ..... ਇਹ ਮੋਹ ਉਮਰਾਂ ਨਹੀਂ ਵੇਖਦਾ, ਰੰਗ-ਰੂਪ ਨਹੀਂ ਵੇਖਦਾ, ਹਾਣ-ਪਰਵਾਣ ਵੀ ਨਹੀਂ ਵੇਖਦਾ.... ਬੱਸ ਦਿਲਾਂ ਦੀ ਧੜਕਣ ਹੀ ਸੁਣਦਾ ਹੈ। ਫ਼ਿਲਮ ‘ਮੋਹ’ ਇੱਕ ਅਜਿਹੀ ਲਵ ਸਟੋਰੀ ਹੈ ਜੋ ਪੰਜਾਬ ਦੀ ਧਰਾਤਲ ਨਾਲ ਜੁੜੀ ਸਮਾਜਿਕ ਦਾਇਰੇ ਚੋਂ ਉਪਜੀਆਂ ਘਟਨਾਵਾਂ ਅਧਾਰਿਤ ਸ਼ਾਇਰੀ ਨੁਮਾਂ ਗੀਤ ਸੰਗੀਤ ਦੀ ਅਨੌਖੀ ਮਿਸਾਲ ਹੈ।
ਫ਼ਿਲਮ ਦਾ ਨਾਇਕ ਹੈ ਰੱਬੀ ਅਤੇ ਨਾਇਕਾ ਗੋਰੇ । ਰੱਬੀ ਦਾ ਕਿਰਦਾਰ ਗੀਤਾਂਜ ਨੇ ਏਨਾਂ ਖੁਭ ਕੇ ਨਿਭਾਇਆ ਹੈ ਜੋ ਦਰਸ਼ਕਾਂ ਦੇ ਦਿਲਾਂ ਵਿਚ ਹੀ ਜਾ ਉਤਰਿਆ। ਗੋਰੇ ਦੇ ਕਿਰਦਾਰ ਸਰਗੁਣ ਮਹਿਤਾ ਨੇ ਨਿਭਾਇਆ ਹੈ। ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਪੜ੍ਹਣ ਵਾਲਾ ਅੱਲ੍ਹੜ ਮੁੰਡਾ ਰੱਬੀ ਸਕੂਲ ਪੜ੍ਹਦੀ ਮੰਡੀਰ ਚੋਂ ਵਿਲੱਖਣ ਸੋਚ ਵਾਲਾ ਹੈ, ਜੋ ਪਿਆਰ ਨੂੰ ਵਾਸ਼ਨਾ ਨਾਲੋਂ ਸਾਹਾਂ ਦੇ ਸਕੂਨ ਨੂੰ ਵਧੇਰੀ ਅਹਿਮੀਅਤ ਦਿੰਦਾ ਹੈ। ਨਾਨਕੇ ਪਿੰਡ ਪੜ੍ਹਨ ਗਿਆ ਰੱਬੀ ਗੁਆਂਢ ਚ ਰਹਿੰਦੀ ਇੱਕ ਵਿਹਉਤਾ ਔਰਤ ਗੋਰੇ ਦੇ ਮੋਹ ਵਿਚ ਭਿੱਜ ਜਾਂਦਾ ਹੈ। ਗੋਰੇ ਭਰ ਜੋਬਨ ਮੁਟਿਆਰ ਹੈ, ਜਿਸਦੀ ਗੋਦੀ ਇੱਕ ਜੁਆਕ ਵੀ ਹੈ। ਉਹ ਘਰੋਂ ਦੁਖੀ ਹੈ ਉਸਦਾ ਘਰਵਾਲਾ ਇੱਕ ਸ਼ਰਾਬੀ ਕਿਸਮ ਦਾ ਦਿਹਾੜੀਦਾਰ ਬੰਦਾ ਹੈ। ਗੋਰੇ ਦਾ ਅਤੀਤ ਇੱਕ ਨਾਚ ਕਲਾ ਗਰੁੱਪ ਨਾਲ ਜੁੜਿਆ ਹੋਇਆ ਸੀ ਪਰ ਵਿਆਹ ਸਮਾਗਮਾਂ ਚ ਸਰਾਬੀਆਂ ਦੀਆਂ ਲਲਚਾਈਆਂ ਨਜ਼ਰਾਂ ਤੋਂ ਡਰਦਿਆਂ ਵਿਆਹ ਕਰਵਾ ਲੈਂਦੀ ਹੈ। ਬਾਅਦ ਵਿੱਚ ਉਸਦੇ ਘਰਵਾਲੇ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸਨੂੰ ਨਫ਼ਰਤ ਕਰਨ ਲੱਗਦਾ ਹੈ। ਜਦ ਵੀ ਕਿਸੇ ਚੱਲਦੇ ਗੀਤ ਤੇ ਗੋਰੇ ਨੱਚਦੀ ਹੈ ਤਾਂ ਉਹ ਉਸਦੀ ਕੁੱਟਮਾਰ ਕਰਦਾ ਹੈ। ਪਤੀ ਦੀ ਵਧੀਕੀਆਂ ਤੋਂ ਤੰਗ ਆਈ ਗੋਰੇ ਦੀ ਜ਼ਿੰਦਗੀ ਵਿਚ ਜਦ ਰੱਬੀ ਆਉਂਦਾ ਹੈ ਤਾਂ ਉਸਦੇ ਚਿਹਰੇ ਤੇ ਨੂਰ ਆ ਜਾਂਦਾ ਹੈ। ਹੌਲੀ ਹੌਲੀ ਰੱਬੀ ਉਸਦੇ ਸਾਹਾਂ ਵਿਚ ਵੱਸ ਜਾਂਦਾ ਹੈ। ਪੜ੍ਹਾਈ ਪੂਰੀ ਹੋਣ ਤੇ ਜਦ ਉਹ ਆਪਣੇ ਪਿੰਡ ਜਾਣ ਲੱਗਦਾ ਹੈ ਤਾਂ ਗੋਰੇ ਉਸਦਾ ਵਿਛੋੜਾ ਨਾ ਝੱਲਦੀ ਹੋਈ ਉਸਨੂੰ ਰੋਕਦੀ ਹੈ ਅਤੇ ਘਰੋਂ ਭੱਜ ਕੇ ਇੱਕ ਨਵੀਂ ਜ਼ਿੰਦਗੀ ਜਿਉਣ ਬਾਰੇ ਕਹਿੰਦੀ ਹੈ ਪ੍ਰੰਤੂ ਰੱਬੀ ਉਸਦੇ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਦੀ ਗੱਲ੍ਹ ਕਰਦਾ ਹੋਇਆ ਜਲਦੀ ਮੁੜ ਆਉਣ ਦਾ ਵਾਅਦਾ ਕਰਦਾ ਹੈ।ਰੱਬੀ ਦੇ ਜਾਣ ਮਗਰੋਂ ਉਸਦੇ ਦੋਸਤ ਗੋਰੇ ਤੇ ਆਪਣਾ ਹੱਕ ਜਮਾਉਣ ਲਈ ਰੱਬੀ ਖਿਲਾਫ਼ ਮਨਘੜ੍ਹਤ ਕਹਾਣੀਆਂ ਬਣਾ ਕੇ ਆਪਣਾ ਮਤਲਬ ਕੱਢਦੇ ਹਨ। ਉੱਧਰ ਉਹੀ ਦੋਸਤ ਰੱਬੀ ਕੋਲ
ਗੋਰੇ ਦੀ ਬੇਵਫਾਈ ਹੋਣ ਦਾ ਝੂਠਾ ਚਿੱਠਾ ਪੜ੍ਹ ਕੇ ਸੁਣਾਉਂਦੇ ਹਨ ਤਾਂ ਰੱਬੀ ਦਾ ਦਿਲ ਟੁੱਟ ਜਾਂਦਾ ਹੈ ਅਤੇ ਆਪਣੇ ਆਪ ਨੂੰ ਸ਼ਰਾਬ ਦੇ ਪਿਆਲੇ ਵਿਚ ਡੋਬ ਲੈਂਦਾ ਹੈ। ਉਸਦੇ ਘਰ ਦੇ ਉਸਦੀ ਜ਼ਿੰਦਗੀ ਬਦਲਣ ਲਈ ਉਸਦਾ ਵਿਆਹ ਵੀ ਕਰਦੇ ਹਨ ਪ੍ਰੰਤੂ ਉਹ ਗੋਰੇ ਨੂੰ ਆਪਣੇ ਦਿਲ ਚੋਂ ਨਹੀਂ ਕੱਢ ਸਕਦਾ। ਗੋਰੇ ਦੇ ਗ਼ਮ ਵਿਚ ਰੱਬੀ ਸ਼ਿਵ ਦੀ ਸ਼ਾਇਰੀ ਅਤੇ ਸ਼ਰਾਬ ਨੂੰ ਆਪਣਾ ਸਹਾਰਾ ਬਣਾਉਂਦਾ ਹੈ। ਇਸੇ ਗ਼ਮ ਵਿਚ ਘਰ ਦੇ ਹਲਾਤਾਂ ਤੋਂ ਤੰਗ ਆਇਆ ਉਹ ਪਿੰਡ ਛੱਡ ਜਾਂਦਾ ਹੈ ਅਤੇ ਸਮਾਂ ਪਾ ਕੇ ਫ਼ਿਲਮਾਂ ਲਿਖਣ ਵਾਲਾ ਇੱਕ ਵੱਡਾ ਲੇਖਕ ਬਣ ਜਾਂਦਾ ਹੈ। ਪਿਆਰ ਅਤੇ ਵਿਛੋੜੇ ਦੀ ਇਸ ਫ਼ਿਲਮ ਦਾ ਅਖ਼ੀਰ ਵੀ ਬੜ੍ਹਾ ਅਜ਼ੀਬ ਹੈ ਜਦ ਕਈ ਸਾਲਾਂ ਬਾਅਦ ਰੱਬੀ ਫ਼ਿਲਮੀ ਦੁਨੀਆਂ ਚੋਂ ਆਪਣੀ ਅਸਲ ਦੁਨਿਆ ਚ ਆਪਣੇ ਨਾਨਕੇ ਪਿੰਡ ਵਾਪਸ ਆਉਂਦਾ ਹੈ ਤਾਂ ਉਸ ਨੂੰ
ਸਦਮਾ ਲੱਗਦਾ ਹੈ ਅਤੇ ਉਹ ਆਪਣੀ ਪੁਰਾਣੇ ਦੋਸਤ ਨਾਲ ਗੋਰੇ ਦੀ ਭਾਲ ਕਰਦਾ-ਕਰਦਾ ਹਿਮਾਚਲ ਦੀਆਂ ਪਹਾੜੀਆਂ ਵਿਚ ਪਹੁੰਚ ਜਾਂਦਾ ਹੈ। ਬੜੀ ਮੁਸ਼ਕਲ ਨਾਲ ਗੋਰੇ ਤੇ ਰੱਬੀ ਦੀ ਮੁਲਾਕਾਤ ਹੁੰਦੀ ਹੈ। ਗ਼ਲਤ-ਫ਼ਹਿਮੀਆਂ ਦੀ ਸ਼ਿਕਾਰ ਹੋਈ ਗੋਰੇ ਰੱਬੀ ਨੂੰ ਮੌਤ ਦੀ ਘਾਟ ਉਤਾਰ ਦਿੰਦੀ ਹੈ। ਅਖ਼ੀਰ ਸਹਿਕਦਾ ਹੋਇਆ ਰੱਬੀ ਜਦ ਅਸਲ ਸੱਚਾਈ ਦੱਸ ਅੱਖਾਂ ਮੀਚ ਜਾਂਦਾ ਹੈ ਤਾਂ ਗੋਰੇ ਨੂੰ ਬਹੁਤ ਪਛਤਾਵਾ ਹੁੰਦਾ ਹੈ। ਫ਼ਿਲਮ ਦੇ ਨਿਰਦੇਸ਼ਕ ਨੇ ਇਸ ਕਹਾਣੀ ਦੇ ਅੰਤ ਨੂੰ ਸੁਖਦ ਬਣਾਉਣ ਲਈ ਗੋਰੇ ਦੀ ਕੁੱਖੋਂ ਉਸਦੇ ਅਧੂਰੇ ਪਿਆਰ ਮੋਹ ਨੂੰ ਪੁੱਤਰ ਦੇ ਰੂਪ ਵਿਚ ਪੁਨਰ ਜਨਮ ਵਜੋਂ ਵਿਖਾਇਆ ਹੈ। ਜਗਦੀਪ ਸਿੱਧੂ ਦੀ ਇਹ ਫ਼ਿਲਮ ਦਾ ਕਲਾਈਮੈਕਸ ਭਾਵੇਂਕਿ ਲੋੜ ਤੋਂ ਵੱਧ ਲੰਮੇਰਾ ਹੈ ਅਤੇ ਆਮ ਦਰਸ਼ਕ ਦੀ ਸੋਚ ਤੋਂ ਪਰੇ ਹੈ। ਫ਼ਿਲਮ ਵਿਚ ਜਾਨੀ ਦੇ ਗੀਤ ਅਤੇ ਬੀ ਪਰਾਕ ਦੀ ਸੋਹਜ ਭਰੀ ਗਾਇਕੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਸਰਗੁਣ ਮਹਿਤਾ ਦਾ ਕਿਰਦਾਰ ਉਸਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਹੁਤ ਹੀ ਹੱਟਕੇ ਹੈ, ਜੋ ਉਸਨੇ ਰੂਹ ਨਾਲ ਨਿਭਾਇਆ ਹੈ। ਰਾਣੇ ਦੇ ਕਿਰਦਾਰ ਵਿਚ ਐਂਬੀ ਅ੍ਰੰਮਿਤ ਨੇ ਚੰਗੀ ਪਛਾਣ ਛੱਡੀ ਹੈ। ਪ੍ਰਕਾਸ਼ ਗਾਧੂ, ਅਨੀਤਾ ਮੀਤ,ਜਸ਼ਨਪਰੀਤ ਗੋਸ਼ਾ, ਪਰਮਿੰਦਰ ਬਰਨਾਲਾ ਦੇ ਕਿਰਦਾਰ ਵੀ ਪ੍ਰਭਾਵਸ਼ਾਲੀ ਹਨ। ਇਸ ਤੋਂ ਇਲਾਵਾ ਰੰਗਮੰਚ ਦੇ ਕਲਾਕਾਰ ਸੁਖਦੇਵ ਲੱਧੜ, ਬਲਰਾਜ ਸਿੱਧੂ, ਫਤਿਹ ਸਿਆਣ ਅਤੇ ਗਾਇਕ ਪ੍ਰਭ ਬੈਂਸ ਆਦਿ ਕਲਾਕਾਰਾਂ ਨੂੰ ਵੱਡੇ ਪਰਦੇ ਤੇ ਲਿਆ ਕੇ ਜਗਦੀਪ ਸਿੱਧੂ ਨੇ ਸਲਾਂਘਾਯੋਗ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਸ਼ਿਵ ਤਰਸੇਮ ਅਤੇ ਗੋਵਿੰਦ ਸਿੰਘ ਦੀ ਲਿਖੀ ਹੈ ਜਦਕਿ ਡਾਇਲਾਗ ਤੇ ਸਕਰੀਨ ਪਲੇਅ ਸ਼ਿਵ ਤਰਸੇਮ,ਗੋਵਿੰਦ ਤੇ ਜਗਦੀਪ ਸਿੱਧੂ ਨੇ ਲਿਖਿਆ ਹੈ। ਗੰਭੀਰਤਾ ਨਾਲ ਵੇਖੀਏ ਤਾਂ ਇਹ ਜਗਦੀਪ ਸਿੱਧੂ ਦੀ ਪਹਿਲਾਂ ਬਣਾਈ ਰੁਮਾਂਟਿਕ ਫ਼ਿਲਮ ਕਿਸਮਤ ਤੋਂ ਵੀ ਦੋ ਕਦਮ ਅੱਗੇ ਪ੍ਰਤੀਤ ਹੁੰਦੀ ਹੈ। ਭਾਵੇਂਕਿ ਇਸ ਫ਼ਿਲਮ ਵਿਚ ਬਹੁਤੇ ਨਾਮੀਂ ਕਲਾਕਾਰ ਵੀ ਨਹੀਂ ਪ੍ਰੰਤੂ ਹਰ ਛੋਟੇ ਵੱਡੇ ਕਲਾਕਾਰ ਤੋਂ ਉਸਨੇ ਬਾਖੂਬੀ ਕੰਮ ਲਿਆ ਹੈ। ਕਾਮੇਡੀ ਵਿਸ਼ੇ ਤੋਂ ਬਿਲਕੁਲ ਹਟਵੀਂ ਇਹ ਫ਼ਿਲਮ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਬੰਨ੍ਹ ਕੇ ਰੱਖਦੀ ਹੈ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ। ਅਨੇਕਾਂ ਡਾਇਲਾਗ ਦਰਸ਼ਕਾਂ ਦੇ ਲੂੰ ਕੰਡੇ ਖੜ੍ਹੇ ਕਰਦੇ ਹਨ। ਵੱਡੀ ਖਾਸ ਗੱਲ੍ਹ ਇਹ ਹੈ ਕਿ ਸਾਰੀ ਫ਼ਿਲਮ ਵਿਚ ਨਾਇਕ-ਨਾਇਕਾ ਨੇ ਸੁੱਚੀ ਮੁਹੱਬਤ ਦੀ ਮਿਸਾਲ ਪੈਦਾ ਕਰਦਿਆਂ ਗਲਵਕੜੀ ਤੱਕ ਨੀਂ ਪਾਈ । ਫ਼ਿਲਮ ਦੇ ਅਖ਼ੀਰ ਵਿਚ ਇੱਕ ਦ੍ਰਿਸ਼ ਅਜਿਹਾ ਵੀ ਆਉਂਦਾ ਹੈ ਜਦੋਂ ਗੋਰੇ ਦੇ ਕਿਰਦਾਰ ਵਿਚ ਸਰਗੁਣ ਮਹਿਤਾ ਰੱਬੀ ਨੂੰ ਗਲ ਨਾਲ ਲਾਉਣ ਲੱਗਦੀ ਹੈ ਤਾਂ ਰੱਬੀ ਇਹ ਕਹਿ ਕੇ ਰੋਕਦਾ ਹੈ ਕਿ "ਹੁਣ ਨਾ ਕੋਲ ਆ...ਨਹੀਂ ਤਾਂ ਸਮਾਜ ਇਸ ਨੂੰ ਵੀ ਹਵਸ ਦਾ ਨਾਂ ਦੇਦੂ" ਅਸਲ ਵਿੱਚ ਇਹ ਫ਼ਿਲਮ ਇੱਕ ਉਮਰੋਂ ਵੱਡੀ ਔਰਤ ਦੇ ਪਿਆਰ ਚ ਤਬਾਹ ਹੋਈ ਜਵਾਨੀ ਦੀ ਕਹਾਣੀ ਹੈ ਜੋ ਮਨੋਰੰਜਨ ਦੇ ਨਾਲ-ਨਾਲ ਜਵਾਨੀ ਦੀ ਦਹਿਲੀਜ਼ ਵੱਲ ਕਦਮ ਵਧਾ ਰਹੇ ਨੌਜਵਾਨਾਂ ਨੂੰ ਸੰਭਲ ਕੇ ਤੁਰਨ ਦਾਸੁਨੇਹਾ ਦਿੰਦੀ ਹੈ।
ਸੰਪਰਕ: 9814607737