ਕਿਸੇ ਫ਼ਿਲਮ ਨੂੰ ਮਨੋਰੰਜਨ ਭਰਪੂਰ ਬਣਾਉਣ ਲਈ ਜਿਥੇ ਚੰਗੀ ਕਹਾਣੀ, ਦਮਦਾਰ ਸਕਰੀਨ ਪਲੇਅ ਤੇ ਡਾਇਲਾਗ ਜਰੂਰੀ ਹੁੰਦੇ ਹਨ, ਉਥੇ ਫ਼ਿਲਮ ਦਾ ਗੀਤ ਸੰਗੀਤ ਵੀ ਵਿਸ਼ੇਸ ਅਹਿਮੀਅਤ ਰੱਖਦਾ ਹੈ। ਗਾਇਕੀ ਪ੍ਰਧਾਨ ਸਿਨੇਮੇ ਵਿੱਚ ਅਦਾਕਾਰੀ ਤੇ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ। (MOREPIC1)
ਰਵਿੰਦਰ ਗਰੇਵਾਲ ਪੰਜਾਬੀ ਸੰਗੀਤ ਦਾ ਇੱਕ ਜਾਣਿਆ ਪਛਾਣਿਆ ਗਾਇਕ ਹੈ।
ਉਸਦੇ ਅਨੇਕਾਂ ਗੀਤ ਅੱਜ ਵੀ ਲੋਕਾਂ ਦੀ ਜੁਬਾਨ 'ਤੇ ਹਨ। ਫ਼ਿਲਮ ਖੇਤਰ ਵੱਲ ਪੈਰ ਧਰਦਿਆਂ ਗਰੇਵਾਲ ਗਾਇਕੀ ਨੂੰ ਨਾਲ ਲੈ ਕੇ ਤੁਰ ਰਿਹਾ ਹੈ। ਆਪਣੀਆਂ ਫ਼ਿਲਮਾਂ ਵਿਚ ਉਹ ਜਿਆਦਾਤਰ ਆਪਣੇ ਹੀ ਗਾਏ ਗੀਤਾਂ ਤੇ ਅਦਾਕਾਰੀ ਕਰਦਾ ਹੈ। ਬਿਨਾ ਸ਼ੱਕ ਰਵਿੰਦਰ ਗਰੇਵਾਲ ਗਾਇਕੀ ਦੇ ਨਾਲ ਨਾਲ ਚੰਗੀ ਅਦਾਕਾਰੀ ਦੇ ਗੁਣ ਵੀ ਰੱਖਦਾ ਹੈ। ਇਨ੍ਹੀਂ ਦਿਨੀ ਉਸਦੀ ਇੱਕ ਨਵੀਂ ਫ਼ਿਲਮ "ਵਿੱਚ ਬੋਲੂੰਗਾ ਤੇਰੇ" ਰਿਲੀਜ਼ ਲਈ ਤਿਆਰ ਹੈ। ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਦੀ ਲਿਖੀ ਅਤੇ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਟਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ ਜਦਕਿ ਹੁਣ ਇਸ ਫ਼ਿਲਮ ਦੇ ਗੀਤਾਂ ਦਾ ਜਾਦੂ ਵੀ ਦਰਸ਼ਕਾਂ ਦੇ ਸਿਰ ਚੜ੍ਹ ਬੋਲੇਗਾ। ਫ਼ਿਲਮ ਦਾ ਇਕ ਰੁਮਾਂਟਿਕ ਗੀਤ "ਸੁਆਲ ਸਾਡੀ ਜਿੰਦਗੀ ਦਾ" ਤੋਂ ਬਾਅਦ ਹੁਣ ਇਸ ਫ਼ਿਲਮ ਦਾ ਇਕ ਹੋਰ ਨਵਾਂ ਗੀਤ "ਬੁਰਜ ਖਲੀਫਾ" ਵੀ ਰਿਲੀਜ਼ ਹੋਇਆ ਹੈ ਜਿਸਨੂੰ ਰਵਿੰਦਰ ਗਰੇਵਾਲ ਨੇ ਗਾਇਆ ਹੈ । ਪ੍ਰੀਤ ਸੰਘਰੇੜੀ ਦੇ ਲਿਖੇ ਇਸ ਗੀਤ ਨੂੰ ਡੀਜੇ ਡਸਟਰ ਨੇ ਸੰਗੀਤ ਦਿੱਤਾ ਹੈ। ਇਸ ਗੀਤ ਦੇ ਬੋਲ ਹਨ--
"ਵੇਖੀਂ ਬੁਰਜ ਖਲੀਫਾ ਉਤੇ ਨੱਚਦੇ ਪਿੰਡਾਂ ਵਾਲੇ ਜੱਟ ਬਲੀਏ"
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿਚ ਦੋ ਗੀਤ ਬਾਲੀਵੁੱਡ ਦੇ ਮਸ਼ਹੂਰ ਗਾਇਕ "ਅਖਿਲ ਸਚਦੇਵਾ" ਨੇ ਵੀ ਗਾਏ ਹਨ। ਜਿਨਾਂ ਚੋਂ ਇਕ ਸੈਡ ਗੀਤ ਹੈ -- "ਮੇਰੀ ਕਿਸਮਤ ਨੇ ਕੀਤਾ ਮਜ਼ਾਕ ਮੇਰੇ ਨਾਲ" ਅਤੇ ਦੂਸਰਾ ਗੀਤ --- "ਪਿਆਰ ਸੁਣਿਆ ਸੀ ਅੱਜ ਹੁੰਦੇ ਵੇਖ ਲਿਆ" ਦਿਲਾਂ ਚ ਰੁਮਾਂਟਿਕ ਤਰੰਗਾ ਛੇੜਦਾ ਗੀਤ ਹੈ। ਫ਼ਿਲਮ ਦੇ ਬੈਕਗਰਾਉਂਡ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ "ਮਿਸਟਰ ਇੰਡੀਆ" ਫਿਲਮ ਦੀ ਯਾਦ ਦਵਾਏ ਗਾ। ਗੋਇਲ ਮਿਊਜ਼ਿਕ ਅਤੇ ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਦੀ 14 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿਚ ਰਵਿੰਦਰ ਗਰੇਵਾਲ, ਮੋਲੀਨਾ ਸੋਢੀ, ਗੁਰਮੀਤ ਸਾਜਨ, ਜਿੰਮੀ ਸ਼ਰਮਾ, ਸੁੱਖੀ ਚਾਹਲ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਨੇ ਲਿਖੇ ਹਨ ਅਤੇ ਇਨ੍ਹਾਂ ਨੇ ਹੀ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਕੋ ਪ੍ਰੋਡਿਊਸਰ ਬਾਗੀ ਸੰਧੂ ਯੂ ਕੇ, ਗੁਰਮੀਤ ਫੋਟੋਜੈਨਿਕ ਅਤੇ ਪਰਮਿੰਦਰ ਬੱਤਰਾ ਹਨ। ਫ਼ਿਲਮ ਦਾ ਵਿਸ਼ਾ ਰੁਮਾਂਸ ਅਤੇ ਕਾਮੇਡੀ ਭਰਪੂਰ ਹੈ। ਜਿਸ ਵਿਚ ਦਰਸ਼ਕਾਂ ਨੂੰ ਭੂਤਾਂ ਪਰੇਤਾਂ ਦੇ ਡਰਾਉਣੇ ਮਾਹੌਲ ਵਿਚ ਹਸਾਉਣ ਦੀ ਸਫ਼ਲ ਕੋਸ਼ਿਸ ਕੀਤੀ ਗਈ ਹੈ। ਸਮਾਜ ਨੂੰ ਚੰਗੀ ਸੇਧ ਦਿੰਦੀ ਇਹ ਫ਼ਿਲਮ ਪੰਜਾਬੀ ਸਿਨੇਮੇ ਦੀ ਇੱਕ ਮੀਲ ਪੱਥਰ ਸਾਬਿਤ ਹੋਵੇਗੀ।
ਸੰਪਰਕ: 9814607737