-ਸੁਰਜੀਤ ਜੱਸਲ-
ਚੰਡੀਗੜ੍ਹ: 12 ਸਤੰਬਰ:
ਰਵਿੰਦਰ ਗਰੇਵਾਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਸਿਨਮੇ ਲਈ ਸਰਗਰਮ ਹੈ। ਗਾਇਕੀ ਵਿੱਚ ਚੰਗਾ ਨਾਮਣਾ ਖੱਟਣ ਤੋਂ ਬਾਅਦ ਰਵਿੰਦਰ ਨੇ ਵੀ ਆਪਣੇ ਸਮਕਾਲੀ ਗਾਇਕਾਂ ਵਾਂਗ ਪੰਜਾਬੀ ਸਿਨਮੇ ‘ਤੇ ਦਸਤਕ ਦਿੱਤੀ। ਮੰਨਣਯੋਗ ਹ ੈਕਿ ਉਸਨੂੰ ਮੁੱਢਲੀਆਂ ਫ਼ਿਲਮਾਂ ਵਿੱਚ ਗੀਤਾਂ ਵਰਗੀਆਂ ਪ੍ਰਸਿੱਧੀ ਨਾ ਮਿਲੀ ਪ੍ਰੰਤੂ ਕੁਝ ਸਮਾਂ ਪਹਿਲਾਂ ਆਈਆਂ ਫ਼ਿਲਮਾਂ ‘ਤੂੰ ਮੇਰਾ ਕੀ ਲੱਗਦਾ’ ਅਤੇ ‘ਪੰਦਰਾਂ ਲੱਖ’ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਚੰਗੀ ਛਾਪ ਛੱਡ ਗਿਆ। ਇਹ ਕਹਿ ਸਕਦੇ ਹਾਂ ਕਿ ਇਸ ਤੋਂ ਪਹਿਲਾਂ ਕਿਸੇ ਚੰਗੇ ਫ਼ਿਲਮਕਾਰ ਦੀ ਉਸ ‘ਤੇ ਜਿਵੇਂ ਸਵੱਲੀ ਨਜ਼ਰ ਹੀ ਨਾ ਪਈ ਹੋਵੇ। ਇੰਨ੍ਹੀਂ ਦਿਨੀਂ ਰਵਿੰਦਰ ਗਰੇਵਾਲ ਆਪਣੀ ਨਵੀਂ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਨਾਲ ਮੁੜ ਚਰਚਾ ਵਿੱਚ ਹੈ। ਚਰਚਾ ਇਸ ਗੱਲ ਦੀ ਹੈ ਕਿ ਉਹ ਇਸ ਫ਼ਿਲਮ ‘ਚ ਇੱਕ ਭੂਤ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ, ਜਿਸਨੂੰ ਵੇਖਦਿਆਂ ਦਰਸ਼ਕ ਡਰਨਗੇ ਵੀਂ ਤੇ ਹੱਸਣਗੇ ਵੀ...। ਆਪਣੀ ਨਵੀਂ ਫ਼ਿਲਮ ਬਾਰੇ ਗੱਲ ਕਰਦਿਆਂ ਰਵਿੰਦਰ ਗਰੇਵਾਲ ਨੇ ਦੱਸਿਆ ਕਿ ‘ਵਿੱਚ ਬੋਲੂੰਗਾ ਤੇਰੇ’ ਉਸਦੀਆਂ ਹੁਣ ਤੱਕ ਆਈਆਂ ਫ਼ਿਲਮਾਂ ਤੋਂ ਬਹੁਤ ਹਟਕੇ ਹੈ ਜਿਸ ਵਿੱਚ ਸਸਪੈਂਸ਼, ਕਾਮੇਡੀ, ਰੁਮਾਂਸ ਅਤੇ ਸਮਾਜਿਕ ਗੱਲਬਾਤ ਵੀ ਹੈ। ਗੋਇਲ ਮਿਊਜ਼ਿਕ ਅਤੇ ਵਿੰਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਲੇਖਕ-ਨਿਰਦੇਸ਼ਕ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਦੀ ਇਸ ਫ਼ਿਲਮ ਵਿਚ ਰਵਿੰਦਰ ਗਰੇਵਾਲ, ਮੋਲੀਨਾ ਸੋਢੀ, ਜਿੰਮੀ ਸ਼ਰਮਾਂ, ਗੁਰਮੀਤ ਸਾਜਨ,ਨਿਸ਼ਾ ਬਾਨੋ, ਅਨੀਤਾ ਮੀਤ, ਸੁੱਖੀ ਚਾਹਲ, ਮਨਜੀਤ ਮਨੀ, ਮਲਕੀਤ ਰੌਣੀ, ਪਰਮਿੰਦਰ ਕੌਰ ਗਿੱਲ, ਦਿਲਾਵਰ ਸਿੱਧੂ, ਸੁਖਦੇਵ ਬਰਨਾਲਾ, ਅੰਮ੍ਰਿਤਪਾਲ ਸਿੰਘ ਬਿੱਲਾ, ਸਤਿੰਦਰ ਕੌਰ, ਗੁਰਪ੍ਰੀਤ ਤੋਤੀ, ਜੱਸੀ ਮਾਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਬਾਰੇ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਇਹ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਮੇਰੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਜਦੋਂ ਮੈਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਗਈ ਤਾਂ ਮੈਨੂੰ ਲੱਗਾ ਇਸ ਫ਼ਿਲਮ ਦੀ ਕਹਾਣੀ ਦੇ ਪਾਤਰਾਂ ਨਾਲ ਕੀ ਸਾਡੇ ਪ੍ਰੋਡਿਉਸਰ ਡਾਇਰੈਕਟਰ ਇਨਸਾਫ਼ ਕਰ ਪਾਉਣਗੇ
ਕਿਉਂਕਿ ਫ਼ਿਲਮ ਵਿੱਚ ਬਹੁਤ ਵੱਡੇ ਪੱਧਰ ਦੇ ਅਦ੍ਰਿਸ਼ ਕਾਰਨਾਮੇ ਕਰਨਾ, ਐਨੇ ਆਰਟਿਸਟ, ਐਨੇ ਪਾਤਰਾਂ ਦੀ ਰੂਪ-ਰੇਖਾ ਤਿਆਰ ਕਰਨੀ ਤੇ ਸਭ ਤੋਂ ਵੱਡਾ ਚੈਲੰਜ ਸੀ ਕਿਰਦਾਰ ਰਾਹੀਂ ਇੱਕ ਆਤਮਾ ਨੂੰ ਪਰਦੇ ‘ਤੇ ਪੇਸ਼ ਕਰਨਾ ਕਿ ਕਿਵੇਂ ਇੱਕ ਆਤਮਾ ਇਨਸਾਨੀ ਸਰੀਰ ‘ਤੇ ਆਪਣਾ ਕਬਜ਼ਾ ਕਰਦੀ ਆ ਤੇ ਉਸ ਆਤਮਾਂ ਦੇ ਕਾਰਨਾਮੇ ਵਗੈਰਾ ਵਿਖਾਉਣੇ।ਮੈਨੂੰ ਇਸ ਫ਼ਿਲਮ ਤੋਂ ਬਹੁਤ ਆਸਾਂ ਹਨ। ਸਾਡੀ ਸਾਰੀ ਹੀ ਟੀਮ ਨੇ ਬਹੁਤ ਮੇਹਨਤ ਨਾਲ ਇਸ ਨਵੇਂ ਤੇ ਦਿਲਚਸਪ ਵਿਸ਼ੇ ਨੂੰ ਮਨੋਰੰਜਨ ਦੇ ਧਾਗੇ ਵਿੱਚ ਪ੍ਰੋਇਆ ਹੈ। 14 ਅਕਤੂਬਰ ਨੂੰ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਨਿਰਮਾਣ ਗੋਇਲ ਮਿਊਜ਼ਿਕ ਅਤੇ ਮਨਜੀਤ ਸਿੰਘ ਟੋਨੀ ਤੇ ਗੁੁਰਮੀਤ ਸਾਜਨ ਨੇ ਮਿਲ ਕੇ ਕੀਤਾ ਹੈ। ਜਿਸਦੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾ(ਯੂ ਕੇ), ਗੁਰਮੀਤ ਫੋਟੋਜਨਿਕ ਤੇ ਪਰਵਿੰਦਰ ਬਤਰਾ ਹਨ।-ਸੁਰਜੀਤ ਜੱਸਲ