-ਸੁਰਜੀਤ ਜੱਸਲ-
ਚੰਡੀਗੜ੍ਹ: 6 ਸਤੰਬਰ 2022
ਹਸ਼ਨੀਨ ਚੌਹਾਨ ਮਾਡਲਿੰਗ ਤੋਂ ਪੰਜਾਬੀ ਸਿਨਮੇ ਵੱਲ ਆਈ ਹੁਸਨ ਤੇ ਕਲਾ ਦੀ ਖੂਬਸੁਰਤ ਅਦਾਕਾਰਾ ਹੈ ਜੋ ਅਨੇਕਾਂ ਫ਼ਿਲਮਾਂ ਵਿੱਚ ਯਾਦਗਰੀ ਕਿਰਦਾਰ ਨਿਭਾਅ ਕੇ ਪੰਜਾਬੀ ਪਰਦੇ ‘ਤੇ ਪਛਾਣ ਬਣਾ ਚੁੱਕੀ ਹੈ। ਇੰਨ੍ਹੀ ਦਿਨੀਂ ਹਸਨੀਨ ਆਪਣੀ ਨਵੀਂ ਆ ਰਹੀ ਫ਼ਿਲਮ ਬੈਚ 2013 ਨਾਲ ਮੁੁੜ ਸਰਗਰਮ ਹੈ, ਜਿੁਸ ਵਿੱਚ ਉਹ ਫ਼ਿਲਮ ਦੇ ਨਾਇਕ ਨਿਹਾਲ ( ਹਰਦੀਪ ਗਰੇਵਾਲ ਨਾਲ ਮੇਨ ਕਿਰਦਾਰ ਵਿੱਚ ਨਜ਼ਰ ਆਵੇਗੀ। ਉਸਦੇ ਕਿਰਦਾਰ ਦਾ ਨਾਂ ਬਾਨੀ ਹੈ। ਬਾਨੀ ਇੱਕ ਬਹੁਤ ਹੀ ਹੌਸਲੇ ਵਾਲੀ, ਹਿੰਮਤ ਤੇ ਚੰਗੇ ਸੰਸਕਾਰਾਂ ਵਾਲੀ ਕੁੜੀ ਹੈ। ਹਰਦੀਪ ਗਰੇਵਾਲ ਨਾਲ ਇਹ ਉਸਦੀ ਦੂਸਰੀ ਫ਼ਿਲਮ ਹੈ ਜਦਕਿ ਇਸ ਤੋਂ ਪਹਿਲਾਂ ਫ਼ਿਲਮ ‘ਤੁਣਕਾਂ ਤੁਣਕਾ ਵਿੱਚ ਵੀ ਹਸਨੀਨ ਕੰਮ ਕਰ ਚੁੱਕੀ ਹੈ।
ਮੁੱਢਲੇ ਕਲਾ ਸਫ਼ਰ ਬਾਰੇ ਗੱਲ ਕਰਦਿਆਂ ਹਸਨੀਨ ਨੇ ਦੱਸਿਆ ਕਿ ਉਸਦਾ ਜਨਮ ਸੁਨਾਮ ਦਾ ਹੈ ਜਦਕਿ ਉਸਨੇ ਮੁੱਢਲੀ ਪੜਾਈ ਬਰਨਾਲਾ ਵਿਖੇ ਕੀਤੀ ਫਿਰ ਉਨ੍ਹਾ ਦਾ ਪਰਿਵਾਰ ਪਟਿਆਲੇ ਆ ਵਸਿਆ ਜਿੱਥੇ ਉਸਨੇਆਪਣੀ ਗਰੇਜੂਏਸ਼ਨ ਕੀਤੀ। ਕਲਾ ਦਾ ਸੌਂਕ ਉਸਨੇ ਕਾਲਜ ਸਮੇਂ ਤੋਂ ਹੀ ਪਿਆ ਉਸਨੇ ਸਕੂਲ ਸਮੇਂ ਅਨੇਕਾਂ ਕੰਪੀਟਿਸ਼ਨਾ ਵਿੱਚ ਭਾਗ ਲਿਆ। ‘ਮਿਸ ਨੌਰਥ ਇੰਡੀਆ 2015 ਅਤੇ ‘ਮਿਸ ਪੰਜਾਬ 2017’ ਦੇ ਮੁਕਾਬਲੇ ਵਿੱਚ ਫਸਟ ਰਨਰ ਅੱਪ ਰਹਿਣ ਮਗਰੋਂ ਉਸਨੂੰ ਪਹਿਲੀ ਵੈੱਬਸ਼ੀਰਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਉਸਦੀ ਪਛਾਣ ਬਣੀ। ਇਸੇ ਪਛਾਣ ਸਦਕਾ ਪੰਜਾਬੀ ਫ਼ਿਲਮਾਂ ‘ਯਾਰਾਂ ਵੇ, ਡੀ ਐੱਸ ਪੀ ਦੇਵ,ਤੁਣਕਾ-ਤੁਣਕਾ’ ਅਤੇ ਮਾਹੀ ਮੇਰਾ ਨਿੱਕਾ ਜਿਹਾ ਫ਼ਿਲਮਾਂ ਕਰਕੇ ਪੰਜਾਬੀ ਦਰਸ਼ਕਾਂ ਦਾ ਪਿਆਰ ਝੋਲੀ ਪਾਇਆ। ਉਸਨੇ ਕੁਝ ਸਮਾਂ ਚੰਡੀਗੜ੍ਹ ਦੇ ਇੱਕ ਨਾਮੀਂ ਥੀਏਟਰ ਗਰੁੱਪ ਵਿੱਚ ਰਹਿਕੇ ਅਦਾਕਾਰੀ ਦੀਆਂ ਬਾਰੀਕੀਆਂ ਵੀ ਸਿੱਖੀਆਂ। ਹਸ਼ਨੀਨ ਨੇ ਦੱਸਿਆ ਕਿ ਉਸਨੇ ਐਕਟਿੰਗ ਨੂੰ ਮੁਖ ਰੱਖਕੇ ਹੀ ਗੀਤਾਂ ਵਿੱਚ ਕੰਮ ਕੀਤਾ ਹੈ। ਉਸਦਾ ਪਹਿਲਾਂ ਗੀਤ ਤਰਸੇਮ ਜੱਸੜ ਨਾਲ ਸੀ ‘ਸੰਗਦੀ-ਸੰਗਦੀ..। ਉਸ ਤੋਂ ਬਾਅਦ ਤਰਸੇਮ ਨਾਲ ਹੀ Çੱੲਕ ਹੋਰ ਗੀਤ ‘ਸੂਟਾਂ ਦਾ ਸਵੈਗ’ ਅਤੇ ਦਿਲਪ੍ਰੀਤ ਢਿੱਲੋਂ ਤੇ ਜੌਰਡਨ ਸੰਧੂ ਦੇ ਗੀਤ ‘ਜੋਧਪੁਰ’ ਵਿੱਚ ਵੀ ਅਦਾਕਾਰੀ ਕੀਤੀ।
ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ਬੈਚ 2013 ਇੱਕ ਅਜਿਹੇ ਨੌਜਵਾਨ ਅਧਾਰਤ ਹੈ ਜਿਸਦੀ ਜਿੰਦਗੀ ਵਿੱਚ ਅਜਿਹੀਆ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫ਼ਿਰ ਉੱਠਦਾ ਹੈ ਫ਼ਿਰ ਹਾਰਦਾ ਹੈ ਫ਼ਿਰ ਉਠਦਾ ਹੈ। ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ‘ਬੈਚ2013’ ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸਦੀ ਜਿੰਦਗੀ ਦਾ ਟਾਰਗੇਟ ਕੀ ਹੈ, ਉਸਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸਨੇ ਆਪਣੀ ਜਿੰਦਗੀ ਬਾਰੇ ਕਦੇ ਫੋਕਸ ਨਹੀਂ ਕੀਤਾ। ਉਸਦਾ ਪਿਤਾ ਪੁਲਸ ਅਫ਼ਸਰ ਹੈ ਪਰ ਉਸਦਾ ਪੁਲਸ ਮਹਿਕਮੇ ‘ਚ ਜਾਣ ਦਾ ਕੋਈ ਮਨ ਨਹੀਂ ਪ੍ਰੰਤੂ ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ਤੇ ਪੁਲਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸਨੂੰ ਇੱਕ ਐਸੀ ਸਪੈਸ਼ਲ ਟੀਮ ਦੀ ਜੁੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਤਾਂ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ਬੈਚ 2013 ਰੱਖਿਆ ਜਾਂਦਾ ਹੈ। ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਹਰਦੀਪ ਗਰੇਵਾਲ,ਹਸ਼ਨੀਨ ਚੌਹਾਨ, ਡਾ ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ,ਪ੍ਰੀਤ ਭੁੱਲਰ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ ਗੈਰੀ ਖਟਰਾਓ ਹੈ। ਹਸਨੀਨ ਚੋਹਾਨ ਨੇ ਦੱਸਿਆ ਕਿ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।
ਸੰਪਰਕ: 9814607737