-ਸੁਰਜੀਤ ਜੱਸਲ-
ਚੰਡੀਗੜ੍ਹ: 1 ਸਤੰਬਰ 2022
ਔਰਤ ਭਾਵੇਂ ਛੋਟੀ ਉਮਰ ਦੀ ਬੱਚੀ ਹੀ ਕਿਊਂ ਨਾ ਹੋਵੇ, ਸਮਾਜ ਵਿਚਲੇ ਭੈੜ ਨੂੰ ਬਦਲਣ ਦੀ ਤਾਕਤ ਰੱਖਦੀ ਹੈ, ਪੱਥਰਾਂ ਨੂੰ ਵੀ ਮੋਮ ਕਰਨ ਦੀ ਤਾਕਤ..ਅਜਿਹਾ ਹੀ ਸੁਨੇਹਾ ਦਿੰਦੀ ਹੈ 22 ਮਿੰਟਾਂ ਦੀ ਇਹ ਸਾਰਟ ਫ਼ਿਲਮ ‘ਮੁਲਾਕਾਤ’... ਜਿਸਨੂੰ ਨੌਜਵਾਨ ਨਿਰਦੇਸ਼ਕ ਮਨਜੋਤ ਸਿੰਘ ਨੇ ਬੜੀ ਹੀ ਖੂਬਸੁਰਤੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਰਦੇ ‘ਤੇ ਪੇਸ਼ ਕੀਤਾ ਹੈ।
ਫ਼ਿਲਮ ‘ਮੁਲਾਕਾਤ’ ਅਜੋਕੇ ਸਮਾਜ ਦੀ ਤਸਵੀਰ ਪੇਸ਼ ਕਰਦੀ ਇੱਕ ਸਾਰਥਕ ਫ਼ਿਲਮ ਹੈ ਜੋ ਇੱਕ ਕੈਦੀ ਦੇ ਪਰਿਵਾਰ ਦੀ ਮਾਨਸਿਕਤਾ, ਬੱਚਿਆਂ ਦੀਆਂ ਕੋਮਲ ਭਾਵਨਾਵਾਂ ਤੇ ਸਮਾਜ ਦੇ ਦੋਗਲੇ ਚਿਹਰੇ ਨੂੰ ਬਾਖੂਬੀ ਪੇਸ਼ ਕਰਦੀ ਹੈ। ਫ਼ਿਲਮ ਵਿੱਚ ਪਰਮਵੀਰ ਨੇ ਭਿੰਦੇ ਬਦਮਾਸ਼ ਦਾ ਕਿਰਦਾਰ ਨਿਭਾਇਆ ਹੈ ਤੇ ਰਾਜ ਧਾਲੀਵਾਲ ਨੇ ਉਸਦੀ ਪਤਨੀ ਦਾ। ਭਿੰਦਾ ਨਸ਼ਿਆਂ ਦਾ ਸੌਦਾਗਰ ਹੈ ਜੋ ਬਿਗਾਨੇ ਪੁੱਤਾਂ ਨੂੰ ਨਸ਼ੇ ਵੰਡਦਾ-ਵੰਡਦਾ ਆਪਣਾ ਹੱਸਦਾ ਵੱਸਦਾ ਘਰ ਤਬਾਹ ਕਰ ਬਹਿੰਦਾ ਹੈ। ਭਿੰਦੇ ਦੀਆਂ ਭੈੜੀਆਂ ਕਰਤੂਤਾਂ ਕਰਕੇ ਉਸਦਾ ਪਰਿਵਾਰ ਸਮਾਜ ਵਿੱਚ ਨੀਵਾਂ ਹੋ ਕੇ ਰਹਿ ਜਾਂਦਾ ਹੈ। ਜੇਲ੍ਹ ਵਿੱਚ ਬੰਦ ਭਿੰਦੇ ਦੀ ਮੁਲਕਾਤ ਕਰਨ ਜਦ ਉਸਦੀ ਮਾਂ ਤੇ ਪਤਨੀ ਨਾਲ ਉਸਦੀ ਮਾਸੂਮ ਧੀ ਜਾਂਦੀ ਹੈ ਤਾਂ ਅੜਬ ਸੁਭਾਓ ਵਾਲਾ ਭਿੰਦਾ ਮੋਮ ਬਣਕੇ ਵਹਿ ਜਾਂਦਾ ਹੈ ਤੇ ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕਰਦਾ ਸਮਾਜ ਦਾ ਇੱਕ ਚੰਗਾ ਨਾਗਰਿਕ ਬਣਨ ਦਾ ਪ੍ਰਣ ਕਰਦਾ ਹੈ।
ਐਮ ਐਮ ਮੂਵੀਜ਼ ਅਤੇ ਪੰਜਾਬੀ ਸਕਰੀਨ ਇੰਟਰਟੇਨਰਜ਼ ਦੇ ਬੈਨਰ ਹੇਠ ਬਣੀ ਨਿਰਮਾਤਾ ਮਨਮੋਹਨ ਸਿੰਘ ਦੀ ਇਸ ਫ਼ਿਲਮ ਵਿੱਚ ਪਰਮਵੀਰ, ਰਾਜ ਧਾਲੀਵਾਲ, ਮਲਕੀਤ ਸਿੰਘ ਰੌਣੀ, ਗੁਰਪ੍ਰੀਤ ਕੌਰ ਭੰਗੂ, ਬਾਲ ਕਲਾਕਾਰ ਏਕਨੂਰ ਸ਼ਰਮਾ, ਰਤਨ ਔਲਖ, ਹਰਿੰਦਰ ਸੋਹਲ, ਸੁਖਦੇਵ ਬਰਨਾਲਾ, ਅਮਰਪਾਲ ਤੇ ਗੁਰ ਰੰਧਾਵਾ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਸਿੰਘ ਅਰੋੜਾ ਦੀ ਲਿਖੀ ਇਸ ਕਹਾਣੀ ਅਧਾਰਤ ਫ਼ਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਪਾਲੀ ਭੁਪਿੰਦਰ ਨੇ ਲਿਖੇ ਹਨ। ਦਲਜੀਤ ਸਿੰਘ ਅਰੋੜਾ ਦਾ ਲਿਖਿਆ ਪਿੱਠਵਰਤੀ ਗੀਤ ਹਰਿੰਦਰ ਸੋਹਲ ਦੇ ਸੰਗੀਤ ਵਿੱਚ ਮਨਪ੍ਰੀਤ ਸੋਹਲ ਨੇ ਗਾਇਆ ਹੈ ਅਤੇ ਐਪਸੀ ਸਿੰਘ ਨੇ ਫ਼ਿਲਮ ਦਾ ਬੈਕਰਾਊਂਡ ਸੰਗੀਤ ਦਿੱਤਾ ਹੈ। ਸਮਾਜ ਨੂੰ ਚੰਗਾ ਸੁਨੇਹਾ ਦਿੰਦੀ ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।