ਨਵੀਂ ਦਿੱਲੀ,19 ਅਗਸਤ,ਦੇਸ਼ ਕਲਿਕ ਬਿਊਰੋ:
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਸ ਦਾ 10 ਦਿਨਾਂ ਤੋਂ ਲਗਾਤਾਰ ਇਲਾਜ ਕੀਤਾ ਜਾ ਰਿਹਾ ਹੈ ਪਰ ਕੋਈ ਫਾਇਦਾ ਹੁੰਦਾ ਨਹੀਂ ਦਿਸ ਰਿਹਾ। ਅੱਜ ਸ਼ੁੱਕਰਵਾਰ ਨੂੰ ਏਮਜ਼ ਦੇ ਡਾਕਟਰ ਨੇ ਦੱਸਿਆ ਕਿ ਰਾਜੂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।ਉਸ ਨੂੰ ਪੂਰੀ ਤਰ੍ਹਾਂ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਹਨ। ਦੂਜੇ ਪਾਸੇ ਪਰਿਵਾਰ ਦੇ ਸਾਰੇ ਮੈਂਬਰ ਦਿੱਲੀ ਏਮਜ਼ ਪਹੁੰਚ ਗਏ ਹਨ।ਕਾਮੇਡੀਅਨ ਰਾਜੂ ਦੇ ਦੋਸਤ ਅਹਿਸਾਨ ਕੁਰੈਸ਼ੀ ਨੇ ਕਿਹਾ ਕਿ ਰਾਜੂ ਪਿਛਲੇ 25-30 ਘੰਟਿਆਂ ਤੋਂ ਬੇਹੋਸ਼ ਹੈ। ਉਸਦਾ ਦਿਮਾਗ ਜਵਾਬ ਨਹੀਂ ਦੇ ਰਿਹਾ। ਹਾਲਤ ਵਿਗੜਨ ਤੋਂ ਬਾਅਦ ਡਾਕਟਰਾਂ ਨੇ ਕਿਹਾ ਹੈ ਕਿ ਅਰਦਾਸ ਦਾ ਸਹਾਰਾ ਹੈ। ਅਸੀਂ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਾਂ।ਰਾਜੂ ਦੇ ਵੱਡੇ ਭਰਾ ਅਨੁਸਾਰ ਬਲੱਡ ਪ੍ਰੈਸ਼ਰ ਵੀ ਘੱਟ ਗਿਆ ਹੈ। ਡਾਕਟਰਾਂ ਨੇ ਬੀਪੀ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਪਰ ਇਸ ਦਾ ਅਸਰ ਘੱਟ ਹੁੰਦੇ ਹੀ ਬੀਪੀ ਫਿਰ ਘੱਟ ਗਿਆ। ਉਸ ਦੇ ਭਰਾ ਅਨੁਸਾਰ ਰਾਜੂ ਦੀ ਸਿਹਤ ਨੂੰ ਦੇਖਦੇ ਹੋਏ ਪੂਰਾ ਪਰਿਵਾਰ ਹਸਪਤਾਲ 'ਚ ਮੌਜੂਦ ਹੈ।