-ਸੁਰਜੀਤ ਜੱਸਲ-
ਚੰਡੀਗੜ੍ਹ: 16 ਅਗਸਤ
ਅੰਬਰਦੀਪ ਸਿੰਘ ਪੰਜਾਬੀ ਸਿਨਮੇ ਦਾ ਸਥਾਪਤ ਲੇਖਕ ਨਿਰਦੇਸ਼ਕ ਤੇ ਅਦਾਕਾਰ ਹੈ, ਜਿਸਨੇ ਦਰਸ਼ਕਾਂ ਦੀ ਨਬਜ਼ ‘ਤੇ ਹੱਥ ਰੱਖ ਕੇ ਮਨੋਰੰਜਨ ਭਰੇ ਸਿਨਮੇ ਦਾ ਨਿਰਮਾਣ ਕੀਤਾ ਹੈ। ਲੇਖਕ ਤੋਂ ਅਦਾਕਾਰ ਬਣੇ ਅੰਬਰਦੀਪ ਨੇ 2018 ਵਿੱਚ ਨੀਰੂ ਬਾਜਵਾ ਨਾਲ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਕੀਤੀ ਸੀ। ਸਾਦਗੀ ਭਰੇ ਵਿਸ਼ੇ ਦੀ ਇਸ ਫ਼ਿਲਮ ਵਿੱਚ ਭਾਵੇਂ ਅੰਬਰਦੀਪ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਬਹੁਤਾ ਪ੍ਰਭਾਵਤ ਨਾ ਕੀਤਾ ਪ੍ਰੰਤੂ ਇਸ ਫ਼ਿਲਮ ਦੇ ਗੀਤਾਂ ਅਤੇ ਐਮੀ ਵਿਰਕ ਦੀ ਸਮੂਲੀਅਤ ਨੇ ਫ਼ਿਲਮ ਨੂੰ ਸਫ਼ਲਤਾ ਦੇ ਮੁਕਾਮ ‘ਤੇ ਪਹੁੰਚਾਇਆ। ਇਸ ਫ਼ਿਲਮ ਦੇ ਟਾਇਟਲ ਗੀਤ ਨੇ ਤਾਂ ਮਕਬੂਲੀਅਤ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਸੀ।
ਚਰਚਿਤ ਫ਼ਿਲਮੀ ਗੀਤਕਾਰ ਹਰਮਨਜੀਤ ਦਾ ਲਿਖਿਆ ਤੇ ਮੰਨਤ ਨੂਰ ਦਾ ਗਾਇਆ ‘ਵੇ ਤੂੰ ਲੌਂਗ ਤੇ ਮੈਂ ਲਾਚੀ...’ ਯੂਟਿਊਬ ਦੀ ਦੁਨੀਆ ਵਿੱਚ ਭਾਰਤ ਪੱਧਰ ਤੇ ਪਹਿਲਾ ਗੀਤ ਸੀ ਜਿਸਨੇ ਬਾਲੀਵੁੱਡ ਗੀਤਾਂ ਨੂੰ ਪਛਾੜ ਕੇ ਇੱਕ ਵਿਲੀਅਨ ਨੂੰ ਟੱਚ ਕੀਤਾ। ਇਸ ਫ਼ਿਲਮ ਦੇ ਸੀਕੁਅਲ ਦੀ ਦਰਸ਼ਕਾਂ ਵਲੋਂ ਚਿਰਾਂ ਤੋਂ ਮੰਗ ਸੀ ਜੋ ਹੁਣ ਅੰਬਰਦੀਪ ਤੇ ਉਸਦੀ ਸਮੁੱਚੀ ਟੀਮ ਵਲੋਂ 19 ਅਗਸਤ ਨੂੰ ‘ਲੌਂਗ ਲਾਚੀ 2’ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ। ਪਹਿਲੀ ਫ਼ਿਲਮ ਦੇ ਮੁਕਾਬਲੇ ‘ਲੌਂਗ ਲਾਚੀ 2’ ਦੀ ਕਹਾਣੀ ਵਿੱਚ ਨਵਾਂਪਣ ਹੈ। ਫਲੈਸਬੈਕ ਵਿੱਚ ਚਲਦਿਆਂ ਇਹ ਫ਼ਿਲਮ ਕਿਰਦਾਰਾਂ ਦੇ ਪਿਛੋਕੜ ਦੀ ਗੱਲ ਕਰਦੀ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜੇਗੀ।
ਪਹਿਲੀ ਫ਼ਿਲਮ ਨਾਲੋਂ ਬੇਹਤਰ ਬਣਾਉਣ ਲਈ ਅੰਬਰਦੀਪ ਨੇ ਇਸ ਫ਼ਿਲਮ ‘ਤੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੀ ਕਹਾਣੀ ਨੂੰ ਵਧੇਰੇ ਦਿਲਚਸਪ ਬਣਾਉਣ ਲਈ 1947 ਤੋਂ ਪਹਿਲਾਂ ਦੇ ਪੰਜਾਬ ਦੀ ਗੱਲ ਕੀਤੀ ਹੈ। ਵੱਡੀ ਗੱਲ ਕਿ ਉਸ ਵੇਲੇ ਦੀਆਂ ਲੁਕੇਸ਼ਨਾਂ, ਪਹਿਰਾਵਾ ਤੇ ਬੋਲੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਫ਼ਿਲਮ ‘ਚ ਵਿਖਾਏ ਵੰਡ ਤੋਂ ਪਹਿਲਾਂ ਦੇ ਪਿੰਡਾਂ ਦਾ ਮਾਹੌਲ ਤੇ ਕਲਚਰ ਪ੍ਰਭਾਵਤ ਕਰੇਗਾ। ਮਨੋਰੰਜਨ ਦੀ ਇਸ ਨਵੀਂ ਖੋਜ ਵਿੱਚ ਅਨੇਕਾਂ ਦਿਲਚਸਪ ਮੋੜ ਹਨ ਜੋ ਦਰਸ਼ਕਾਂ ਨੂੰ ਹੈਰਾਨ ਤੇ ਰੁਮਾਂਚਿਕ ਕਰਨਗੇ। ਐਮੀ ਵਿਰਕ ਦਾ ਕਿਰਦਾਰ ਪਹਿਲੀ ਫ਼ਿਲਮ ਨਾਲੋਂ ਵਧੇਰੇ ਦਿਲਚਸਪ ਹੈ। ਐਮੀ ਵਿਰਕ ,ਅੰਬਰਦੀਪ ਤੇ ਨੀਰੂ ਬਾਜਵਾ ਨੂੰ ਵੇਖਦਿਆਂ ਇਹ ਫ਼ਿਲਮ ਤਿਕੋਣੇ ਪਿਆਰ ਦੀ ਕਹਾਣੀ ਮਹਿਸੂਸ ਹੁੰਦੀ ਹੈ।
ਇਸ ਫ਼ਿਲਮ ਦੀ ਖ਼ਾਸ ਗੱਲ ਇਹ ਵੀ ਹੈ ਕਿ ਮਾਲਵੇ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਪਹਿਲੀ ਵਾਰ ਵੱਡੇ ਪਰਦੇ ‘ਤੇ ਅਹਿਮ ਕਿਰਦਾਰ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਮਰ ਨੂਰੀ ਵੀ ਇਸ ਫ਼ਿਲਮ ਦਾ ਹਿੱਸਾ ਬਣੀ ਹੈ। ਵਿਲੇਜਰਜ਼ ਫ਼ਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨ, ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣੀ ਇਸ ਫ਼ਿਲਮ ਨੂੰ ਅੰਬਰਦੀਪ ਨੇ ਡਾਇਰੈਕਟ ਕੀਤਾ ਹੈ। ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ, ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ, ਸੁਖਵਿੰਦਰ ਰਾਜ, ਕੁਲਦੀਪ ਸ਼ਰਮਾ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੇ ਗੀਤਾਂ ਨੂੰ ਹਰਮਨਜੀਤ ਸਿੰਘ, ਪਵਿੱਤਰ ਲਸੋਈ, ਕੇ ਵੀ ਰਿਆਜ਼ ਤੇ ਬਿੰਦਰ ਨੱਥੂਮਾਜਰਾ ਨੇ ਲਿਖਿਆ ਹੈ ਤੇ ਐਮੀ ਵਿਰਕ, ਸਿਮਰਨ ਭਾਰਦਵਾਜ, ਅਮਰ ਨੂੁਰੀ, ਜਸਵਿੰਦਰ ਬਰਾੜ ਤੇ ਪਵਿੱਤਰ ਲਸੋਈ ਨੇ ਗਾਇਆ ਹੈ।
ਸੰਪਰਕ: 9814607737