ਉਪਾਸਨਾ ਸਿੰਘ ਪੰਜਾਬੀ-ਹਿੰਦੀ ਸਿਨਮੇ ਦੀ ਇੱਕ ਨਾਮੀਂ ਅਭਿਨੇਤਰੀ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਫ਼ਿਲਮ ਜਗਤ ਨਾਲ ਜੁੜੀ ਹੋਈ ਹੈ। ਉਸਨੇ ਸਿਨਮੇ ਦੇ ਨਾਲ ਨਾਲ ਛੋਟੇ ਪਰਦੇ ਦੇ ਦਰਸ਼ਕਾਂ ਵਿੱਚ ਵੀ ਆਪਣੀ ਵੱਡੀ ਪਛਾਣ ਸਥਾਪਤ ਕੀਤੀ । ਆਪਣੇ ਕਲਾ ਸਫ਼ਰ ਦੌਰਾਨ ਉਪਾਸਨਾ ਨੇ ਕਾਮੇਡੀ ਰੰਗਤ ਸਮੇਤ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ। ਇੰਨ੍ਹੀ ਦਿਨੀਂ ਉਪਾਸਨਾ ਸਿੰਘ ਬਤੌਰ ਨਿਰਮਾਤਰੀ ਆਪਣੀ ਪਲੇਠੀ ਫ਼ਿਲਮ ‘ਬਾਈ ਜੀ ਕੁੱਟਣਗੇ’ ਲੈ ਕੇ ਆ ਰਹੀ ਹੈ। ਇਸ ਫ਼ਿਲਮ ਦੀ ਖ਼ਾਸ ਗੱਲ ਇਹ ਕਿ ਉਹਨਾਂ ਦਾ ਬੇਟਾ ਨਾਨਕ ਸਿੰਘ ਇਸ ਫ਼ਿਲਮ ਦਾ ਹੀਰੋ ਹੈ ਜੋ ਮਿਸ ਯੂਨੀਵਰਸ ਜੇਤੂ ਹਰਨਾਜ਼ ਕੌਰ ਸੰਧੂ ਨਾਲ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਇਹ ਫ਼ਿਲਮ ਐਕਸ਼ਨ ਤੇ ਕਾਮੇਡੀ ਭਰਪੂਰ ਲਵ ਸਟੋਰੀ ਹੈ ਜੋ ਦਰਸ਼ਕਾਂ ਦਾ ਹਰ ਦ੍ਰਿਸ਼ ਨਾਲ ਭਰਪੂਰ ਮਨੋਰੰਜਨ ਕਰੇਗੀ।
ਜ਼ਿਕਰਯੋਗ ਹੈ ਕਿ ‘ਨਾਨਕ ਸਿੰਘ” ਨੇ ਇਹ ਫ਼ਿਲਮ ਇਸ ਲਈ ਨਹੀਂ ਕੀਤੀ ਕਿ ਉਹ ਨਿਰਮਾਤਰੀ ਉਪਾਸਨਾ ਸਿੰਘ ਦਾ ਬੇਟਾ ਹੈ। ਬਲਕਿ ਇਸ ਲਈ ਕੀਤੀ ਹੈ ਕਿ ਬਤੌਰ ਕਲਾਕਾਰ ਉਹ ਇਸ ਕਿਰਦਾਰ ਦੇ ਲਾਇਕ ਚੁਣਿਆ ਗਿਆ। ਹੋਰਨਾਂ ਨਵੇਂ ਕਲਾਕਾਰਾਂ ਵਾਂਗ ਉਸਦਾ ਵੀ ਐਡੀਸ਼ਨ ਹੋਇਆ। ਉਸਦੀ ਅਦਾਕਾਰੀ ਨੂੰ ਸਮੀਪ ਕੰਗ ਜਿਹੇ ਕਲਾ ਪਾਰਖੂਆਂ ਦੀ ਨਜ਼ਰ ਨੇ ਤੋਲਿਆ ਹੈ। ਉਪਾਸਨਾ ਨੇ ਦੱਸਿਆ ਕਿ ਨਾਨਕ ਸਿੰਘ ਬਹੁਤ ਹੀ ਸਿਆਣਾ ਤੇ ਹਰ ਗੱਲ ਨੂੰ ਗੰਭੀਰਤਾ ਨਾਲ ਸਮਝਣ ਵਾਲਾ ਬੀਬਾ ਮੁੰਡਾ ਹੈ। ਕਲਾ ਦੀ ਚਿਣਗ ਤਾਂ ਉਸਨੂੰ ਪਰਿਵਾਰਕ ਮਾਹੌਲ ਤੇ ਖੂਨ ਵਿਚੋਂ ਹੀ ਮਿਲੀ ਪਰ ਫ਼ਿਰ ਵੀ ਉਸਨੇ ਅਦਾਕਾਰੀ ਬਾਰੀਕੀਆਂ ਸਿੱਖਣ ਲਈ ਮੁਬੰਈ ਦੇ ਵੱਡੇ ਐਕਟਿੰਗ ਸਕੂਲਾਂ ਤੋਂ ਕਲਾਸਾਂ ਲਈਆਂ। ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਨਾਨਕ ਸਿੰਘ ਨੇ ਕਿਹਾ ਕਿ ਮੇਰਾ ਕਿਰਦਾਰ ਦੇਵ ਖਰੋੜ ਦੇ ਛੋਟੇ ਭਰਾ ਦਾ ਹੈ ਜਿਸਨੂੰ ਦੇਵ ਬਹੁਤ ਪਿਆਰ ਕਰਦਾ ਹੈ ਤੇ ਉਸਦੀ ਕਿਸੇ ਗੱਲ ਦਾ ਗੁੱਸਾ ਵੀ ਨਹੀਂ ਕਰਦਾ ਜਦਕਿ ਬਾਕੀ ਸਾਰੇ ਉਸਦੇ ਸਖ਼ਤ ਅਸੂਲਾਂ ਕਰਕੇ ਡਰ ਨਾਲ ਸਹਿਮੇ-ਸਹਿਮੇ ਰਹਿੰਦੇ ਹਨ। ਦੇਵ ਨੇ ਇਸ ਫ਼ਿਲਮ ਵਿੱਚ ਇੱਕ ਅਜਿਹੇ ਅਸੂਲੀ ਬੰਦੇ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਅਜ਼ੀਬ ਅਸੂਲਾਂ ਅਤੇ ਸ਼ਰਤਾਂ ਕਰਕੇ ਇਲਾਕੇ ‘ਚ ਪ੍ਰਸਿੱਧ ਹੈ। ਸਾਰੇ ਡਰਦੇ ਹਨ ਤੇ ਅਸੂਲ ਤੋੜਨ ਦਾ ਡਰ ਮੰਨਦੇ ਹੋਏ ਕਹਿੰਦੇ ਹਨ ਕਿ ਬਾਈ ਜੀ ਕੁੱਟਣਗੇ’...। ਨਾਨਕ ਸਿੰਘ ਨੇ ਦੱਸਿਆ ਕਿ ਉਸਦੀ ਹੀਰੋਇਨ ਹਰਨਾਜ਼ ਕੌਰ ਸੰਧੂ ਹੈ ਜਿਸਨੇ ਪਿਛਲੇ ਸਾਲ ਹੀ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਹੈ। ਫ਼ਿਲਮ ਵਿੱਚ ਸਾਡੀ ਰੁਮਾਂਟਿਕ ਜੋੜੀ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇਗੀ। ਇਹ ਫ਼ਿਲਮ ਦੋ ਦਿਲਾਂ ਦੇ ਪਿਆਰ ‘ਚ ਪੈਦਾ ਹੋਈ ਕਾਮੇਡੀ ਭਰੀ ਐਕਸ਼ਨ ਭਰਪੂਰ ਕਹਾਣੀ ਅਧਾਰਤ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਇਸ ਫ਼ਿਲਮ ਲਈ ਉਸਨੇ ਬੇਹੱਦ ਮਿਹਨਤ ਕੀਤੀ ਹੈ। ਉਹ ਆਪਣੀ ਮਾਂ ਵਾਂਗ ਹੀ ਪੰਜਾਬੀ ਸਿਨੇਮਾ ਤੇ ਪੰਜਾਬ ਨਾਲ ਬੇਹੱਦ ਮੋਹ ਰੱਖਦਾ ਹੈ। ਇਸ ਲਈ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਸਿਨੇਮਾ ਤੋਂ ਹੀ ਕੀਤੀ ਹੈ।
19 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮੀਂ ਅਦਾਕਾਰਾ ਉਪਾਸਨਾ ਸਿੰਘ ਨੇ ਆਪਣੀ ਭੈਣ ਨਿਰੂਪਮਾ ਨਾਲ ਮਿਲ ਕੇ ਕੀਤਾ ਹੈ। ਬਤੌਰ ਨਿਰਮਾਤਾ ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ। ‘ਸੰਤੋਸ਼ ਇੰਟਰਟੇਨਮੈਂਟ ਸਟੂਡੀਓ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਸਮੀਪ ਕੰਗ ਨੇ ਲਿਖੀ ਹੈ ਜਦਕਿ ਡਾਇਲਾਗ ਪਾਲੀ ਭੁਪਿੰਦਰ ਨੇ ਲਿਖੇ ਹਨ। ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਸੈਭੀ ਸੂਰੀ, ਸਿਮਰਤ ਕੌਰ ਰੰਧਾਵਾ ਤੇ ਹੌਬੀ ਧਾਲੀਵਾਲ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ।
ਬਚਨ ਬੇਦਿਲ, ਮਨੀ ਲੌਂਗੀਆ, ਮੰਨਾ ਮੰਡ ਤੇ ਧਰਮਿੰਦਰ ਸਿੰਘ ਦੇ ਲਿਖੇ ਗੀਤਾਂ ਨੂੰ ਗਾਇਕ ਮੀਕਾ ਸਿੰਘ, ਰੇਸ਼ਮ ਸਿੰਘ ਅਨਮੋਲ, ਮਹਿਤਾਬ ਵਿਰਕ, ਅਰਮਾਨ ਬੇਦਿਲ, ਫ਼ਿਰੋਜ਼ ਖਾਨ ਤੇ ਸੁਗੰਧਾ ਮਿਸ਼ਰਾ ਨੇ ਪਲੇਅ ਬੈਕ ਗਾਇਆ ਹੈ। ‘ਬਾਈ ਜੀ ਕੁੱਟਗੇ’ ਤੋਂ ਨਾਨਕ ਸਿੰਘ ਨੂੰ ਬਹੁਤ ਉਮੀਦਾਂ ਹਨ। ਉਸਨੂੰ ਪੂਰਨ ਆਸ ਹੈ ਕਿ ਦਰਸ਼ਕ ਉਸਨੂੰ ਪਿਆਰ ਦੇਣਗੇ। ਇਸ ਫ਼ਿਲਮ ਤੋਂ ਬਾਅਦ ਉਸਦੀਆਂ ਦੋ ਹੋਰ ਪੰਜਾਬੀ ਫਿਲਮਾਂ ਰਿਲੀਜ ਲਈ ਤਿਆਰ ਹਨ।