-ਸੁਰਜੀਤ ਜੱਸਲ
ਚੰਡੀਗੜ੍ਹ: 31 ਜੁਲਾਈ,
ਪੰਜਾਬੀ ਸਿਨਮੇ ਦੇ ਬਦਲਵੇਂ ਦੌਰ ਵਿੱਚ ਜਿੱਥੇ ਨਵੇਂ ਵਿਸ਼ੇ, ਨਵੀਆਂ ਕਹਾਣੀਆਂ, ਨਵੇਂ ਤਜੱਰਬੇ ਤੇ ਨਵੀਆਂ ਤਕਨੀਕਾਂ ਪੰਜਾਬੀ ਸਿਨਮੇ ਦਾ ਹਿੱਸਾ ਬਣ ਰਹੇ ਹਨ, ਉੱਥੇ ਕੁਝ ਨਵੇਂ ਕਲਾਵਾਨ-ਪ੍ਰਤਿਭਾਸ਼ਾਲੀ ‘ਚਿਹਰੇ’ ਵੀ ਪੰਜਾਬੀ ਪਰਦੇ ‘ਤੇ ਉਭਰ ਕੇ ਸਾਹਮਣੇ ਆ ਰਹੇ ਹਨ। ਅਜਿਹੇ ਨਵੇਂ ਚਿਹਰਿਆਂ ਵਾਲੀ ਫ਼ਿਲਮ ਹੈ ‘ਸ਼ੱਕਰਪਾਰੇ’ । ਵਿਆਹ ਦੀ ਮਿਠਾਈ ਵਰਗੀ ਮਿੱਠੀ ਇਸ ਫ਼ਿਲਮ ਦਾ ਹੀਰੋ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਇਕਲਵਿਆ ਪਦਮ ਹੈ ਜੋ ਆਪਣੀ ਪਲੇਠੀ ਫ਼ਿਲਮ ਵਿੱਚ ਖੂਬਸੁਰਤ ਅਦਾਕਾਰਾ ਲਵ ਗਿੱਲ ਨਾਲ ਪਿਆਰ ਦੀਆਂ ਪੀਘਾਂ ਝੂਟਦਾ ਨਜ਼ਰ ਆਵੇਗਾ।
ਗੋਲਡਨ ਕੀ ਐਂਟਰਟੈਨਮੈਂਟ ਦੇ ਬੈਨਰ ਹੇਠ ਨਿਰਮਾਤਾ ਵਿਸ਼ਨੂ ਕੇ ਪੋਡਰ ਅਤੇ ਪੁਨੀਤ ਚਾਵਲਾ ਦੀ ਇਸ ਫਿਲਮ ਦੇ ਨਿਰਦੇਸ਼ਕ ਵਰੁਣ ਐਸ ਖੰਨਾ ਦਾ ਕਹਿਣਾ ਹੈ ਕਿ ਇਸ ਨਿਵੇਕਲੀ ਫ਼ਿਲਮ ਦੀ ਕਹਾਣੀ ਮੌਜੂਦਾ ਸਿਨਮੇ ਤੋਂ ਬਹੁਤ ਹੱਟਵੀਂ ਅਤੇ ਦਿਲਚਸਪ ਹੋਵੇਗੀ।
ਫ਼ਿਲਮ ਦੇ ਟਾਇਟਲ ਦੀ ਗੱਲ ਕਰੀਏ ਤਾਂ ‘ਸ਼ੱਕਰਪਾਰੇ’ ਪੰਜਾਬ ਦੀ ਰਵਾਇਤੀ ਮਿਠਾਈ ਦਾ ਨਾਂ ਹੈ, ਜਿਸਦੀ ਮਹਿਕ ਅਤੇ ਮਿਠਾਸ ਬਿਨਾਂ ਕੋਈ ਵੀ ਵਿਆਹ ਅਧੂਰਾ ਹੁੰਦਾ ਹੈ ਪਰ ਇਸ ਫ਼ਿਲਮ ਦੀ ਨਾਇਕਾ ਹੀ ਸ਼ੱਕਰਪਾਰੇ ਵਰਗੀ ਹੈ ਜੋ ਆਪਣੀ ਅਦਾਕਾਰੀ ਤੇ ਨਖ਼ਰਿਆਂ ਨਾਲ ਪੰਜਾਬੀ ਦਰਸ਼ਕਾਂ ਦਾ ਖੱਟਾ-ਮਿੱਠਾ ਮਨੋਰੰਚਨ ਕਰੇਗੀ।
ਪਿਆਰ-ਮੁਹੱਬਤ ਅਤੇ ਰਿਸ਼ਤਿਆਂ ਦੀ ਅਹਿਮੀਅਤ ਦਰਸ਼ਾਉਂਦੀ ਇਹ ਇੱਕ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ‘ਸ਼ੱਕਰਪਾਰੇ’ ਵਿੱਚ ਇਕਲਵਿਆ ਪਦਮ ਤੇ ਲਵ ਗਿੱਲ ਦੀ ਖੂਬਸੁਰਤ ਜੋੜੀ ਨੇ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਸਰਦਾਰ ਸੋਹੀ, ਸਵਿੰਦਰ ਮਾਹਲ,ਨਿਰਮਲ ਰਿਸ਼ੀ, ਸੀਮਾ ਕੌਸ਼ਲ,ਹਨੀ ਮੱਟੂ, ਦਿਲਾਵਰ ਸਿੱਧੂ, ਰਮਨਦੀਪ ਜੱਗਾ,ਅਰਸ਼ ਹੁੰਦਲ, ਗੋਨੀ ਸੱਗੂ ਅਤੇ ਮੋਨਿਕਾ ਆਦਿ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਅਹਿਮ ਗੱਲ ਕਿ ਇਸ ਫ਼ਿਲਮ ਦੇ ਪੋਸਟਰ ਵਿੱਚ ਇੱਕ ਪਿਆਰੇ ਜਿਹੇ ਕਤੂਰੇ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਫ਼ਿਲਮ ਦੀ ਹੀਰੋਇਨ ਲਵ ਗਿੱਲ ਇੱਕ ਜਾਣੀ ਪਛਾਣੀ ਅਦਾਕਾਰਾ ਹੈ। ਜਿਸਨੇ ਇਸ ਤੋਂ ਪਹਿਲਾਂ ਛੋਟੇ ਪਰਦੇ ਦੇ ਅਨੇਕਾਂ ਲੜੀਵਾਰਾਂ ਅਤੇ ਪੰਜਾਬੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਹੀਰੋ ਇਕਲਵਿਆ ਪਦਮ ਵੀ ਕਮਾਲ ਦਾ ਅਦਾਕਾਰ ਹੈ। ਗਾਇਕੀ ਵਿੱਚ ਚੰਗਾ ਨਾਂ ਕਮਾਉਣ ਮਗਰੋਂ ਉਸਨੇ ਇਸ ਫਿਲਮ ਰਾਹੀਂ ਵੱਡੇ ਪਰਦੇ ਵੱਲ ਕਦਮ ਵਧਾਇਆ ਹੈ ਉਮੀਦ ਹੈ ਕਿ ਦੋਵਾਂ ਦੀ ਜੋੜੀ ਪੰਜਾਬੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ।
ਫ਼ਿਲਮ ਦੀ ਕਹਾਣੀ ਵਿਵੇਕ ਮਿਸ਼ਰਾ ਨੇ ਲਿਖੀ ਹੈ। ਡਾਇਲਾਗ ਜੱਸੀ ਢਿੱਲੋਂ ਅਤੇ ਸਰਬਜੀਤ ਸੰਧੂ ਨੇ ਲਿਖੇ ਹਨ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ, ਮੋਹਾਲੀ ਅਤੇ ਮਨਾਲੀ ਦੀਆਂ ਸ਼ਾਨਦਾਰ ਲੁਕੇਸ਼ਨਾਂ ’ਤੇ ਕੀਤੀ ਗਈ ਹੈ 5 ਅਗਸਤ ਨੂੰ ਇਹ ਫ਼ਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਪਿਆਰ ਮੁਹੱਬਤ ਦੀ ਨੋਕ ਝੋਕ ਅਤੇ ਕਾਮੇਡੀ ਭਰਪੂਰ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
-ਸੰਪਰਕ: 9814607737