ਜਸ਼ਨਪ੍ਰੀਤ ਸਿੰਘ
ਚੰਡੀਗੜ੍ਹ: 11 ਜੁਲਾਈ, 2022
ਗੀਤਕਾਰੀ ਤੇ ਗਾਇਕੀ ਤੋਂ ਬਾਅਦ ਰਾਜ ਕਾਕੜਾ ਨੇ ਪੰਜਾਬੀ ਸਿਨਮੇ ਲਈ ਵੀ ਆਪਣਾ ਯੋਗਦਾਨ ਪਾਇਆ ਹੈ। ਆਮ ਵਿਸ਼ਿਆਂ ਤੋਂ ਹਟਕੇ ਉਸਦੀ ਸੋਚ ਹਮੇਸ਼ਾ ਹੀ ਜੁਝਾਰੂਵਾਦੀ ਰਹੀ ਹੈ। ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਨਾਲ ਰਾਜ ਕਾਕੜਾ ਖੂਬ ਚਰਚਾ ਵਿੱਚ ਆਇਆ ਭਾਵੇਂਕਿ ਭਾਰਤ ਵਿੱਚ ਇਹ ਫ਼ਿਲਮ ਬੈਨ ਹੋ ਗਈ ਸੀ ਪਰ ਵਿਦੇਸ਼ਾਂ ਵਿੱਚ ਇਹ ਖੂਬ ਚੱਲੀ। ਫ਼ਿਰ ਇਸੇ ਸੋਚ ਦੀਆਂ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਅਤੇ ‘ਧਰਮਯੁੱਧ ਮੋਰਚਾ’ ਫ਼ਿਲਮਾਂ ਨਾਲ ਪੰਜਾਬੀ ਸਿਨਮੇ ਨਾਲ ਇਕ ਨਵਾਂ ਦਰਸ਼ਕ ਵਰਗ ਜੋੜਿਆ। ਇੰਨ੍ਹਾ ਫ਼ਿਲਮਾਂ ਨਾਲ ਰਾਜ ਕਾਕੜਾ ਨੇ ਬੀਤੇ ਪੰਜਾਬ ਦੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਦਾ ਯਤਨ ਕੀਤਾ। ਰਾਜ ਕਾਕੜਾ ਲੰਮੇ ਸਮੇਂ ਦੇ ਵਕਫ਼ੇ ਮਗਰੋਂ ਹੁਣ ਫ਼ਿਰ ਪੰਜਾਬੀ ਫ਼ਿਲਮ ‘ਪਦਮ ਸ਼੍ਰੀ ਕੌਰ ਸਿੰਘ’ ਨਾਲ ਮੁੜ ਸਰਗਰਮ ਹੋਇਆ ਹੈ।(MOREPIC1)
ਇਹ ਫ਼ਿਲਮ ਪੰਜਾਬ ਦੇ ਇੱਕ ‘ਪਦਮ ਸ਼੍ਰੀ ’ਅਤੇ ‘ਅਰਜੁਨਾ ਐਵਾਰਡ’ ਜੇਤੂ ਅਣਗੌਲੇ ਬਾਕਸਰ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਪ੍ਰਾਪਤੀਆਂ ਦੀ ਕਹਾਣੀ ਹੈ ਜੋ ਉਸਦੇ ਅਧਮੋਏ ਸੁਪਨਿਆਂ ਦੀ ਬਾਤ ਪਾਉਂਦੀ ਸਰਕਾਰੀ ਸਿਸਟਮ ਤੇ ਕਰਾਰੀ ਚੋਟ ਕਰਦੀ ਹੈ। ਇਸ ਫ਼ਿਲਮ ਵਿੱਚ ਰਾਜ ਕਾਕੜਾ ਨੇ ਕੋਚ ਦਾ ਕਿਰਦਾਰ ਨਿਭਾਇਆ ਹੈ ਜੋ ਫ਼ੌਜੀ ਕੌਰ ਸਿੰਘ ਅੰਦਰ ਦੇਸ਼ ਕੌਮ ਪ੍ਰਤੀ ਸੇਵਾ ਦਾ ਜ਼ਜ਼ਬਾ ਭਰਦਾ ਹੈ ਕਿਊਕਿ ਕੌਰ ਸਿੰਘ ਸਿਰਫ਼ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਪੂਰੀ ਕਰਨ ਲਈ ਫ਼ੌਜ ਵਿੱਚ ਭਰਤੀ ਹੁੰਦਾ ਹੈ। ਰਾਜ ਕਾਕੜਾ ਹੀ ਉਸਨੂੰ ਬਾਕਸਿੰਗ ਦੀ ਟਰੇਨਿੰਗ ਦਿੰਦਾ ਹੈ ਤੇ ਪਦਮ ਸ਼੍ਰੀ ਐਵਾਰਡ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦਾ ਹੈੇ। ਇੱਕ ਸਹੀ ਕੋਚ ਬਣਕੇ ਉਸਨੂੰ ਮਹਾਨ ਬੌਕਸਰ ਮੁਹੰਮਦ ਅਲੀ ਨਾਲ ਲੜਨ ਲਈ ਪ੍ਰੇਰਿਤ ਕਰਦਾ ਹੈ। ਰਾਜ ਕਾਕੜਾ ਨੇ ਦੱਸਿਆ ਕਿ ‘‘ਪਦਮ ਸ਼੍ਰੀ ਕੌਰ ਸਿੰਘ ਫ਼ਿਲਮ ਦਾ ਨਿਰਮਾਣ ਉਸਦੇ ਪਰਮ ਮਿੱਤਰ ਕਰਮ ਬਾਠ ਨੇ ਕੀਤਾ ਹੈ ਜੋ ਕਿ ਬਹੁਤ ਸਲਾਘਾਯੋਗ ਹੈ ਕਿੳਂੂਕਿ ਅਜਿਹੇ ਸਮਾਜਿਕ ਵਿਸ਼ਿਆਂ ਅਧਾਰਤ ਫ਼ਿਲਮਾਂ ਬਣਾਉੁਣਾ ਹਰ ਕਿਸੇ ਨਿਰਮਾਤਾ ਦੇ ਹਿੱਸੇ ਨਹੀਂ ਆਉਂਦਾ। ਨਿਰਮਾਤਾ ਦੇ ਨਾਲ ਨਾਲ ਕਰਮ ਬਾਠ ਨੇ ਕੌਰ ਸਿੰਘ ਦੇ ਕਿਰਦਾਰ ਨੂੰ ਵੀ ਨਿਭਾਇਆ ਹੈ। ’’
‘ਪਦਮ ਸ਼੍ਰੀ ਕੌਰ ਸਿੰਘ’ ਵਿੱਚ ਰਾਜ ਕਾਕੜਾ ਨੇ ਅਦਾਕਾਰੀ ਦੇ ਨਾਲ ਨਾਲ ਗੀਤ ਵੀ ਲਿਖੇ ਹਨ ਜਿੰਨ੍ਹਾ ਨੂੰ ਰਣਜੀਤ ਬਾਵਾ, ਕਮਾਲ ਖਾਨ ਗੁਰਲੇਜ਼ ਅਖ਼ਤਰ ਆਦਿ ਕਲਾਕਾਰਾਂ ਨੇ ਗਾਇਆ ਹੈ। ਫ਼ਿਲਮ ਦਾ ਲੇਖਕ- ਨਿਰਦੇਸ਼ਕ ਵਿਕਰਮ ਪ੍ਰਧਾਨ ਹੈ ਜਿਸਨੇ ‘ਕੌਰ ਸਿੰਘ’ ਦੀ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਪਰਦੇ ‘ਤੇ ਲਿਆਉਣ ਦਾ ਯਤਨ ਕੀਤਾ ਹੈ। ਫ਼ਿਲਮ ਵਿੱਚ ਕਰਮ ਬਾਠ, ਪ੍ਰਭ ਗਰੇਵਾਲ,ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ, ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 22 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਮੁੱਖ ਪ੍ਰੋਡਿਊਸਰ ਕਰਮ ਬਾਠ ਤੇ ਵਿੱਕੀ ਮਾਨ ਹਨ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ । ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।