ਮੋਹਾਲੀ, 14 ਅਪ੍ਰੈਲ :
ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਪੰਜਾਬੀ ਜਨ-ਜੀਵਨ ਨੂੰ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਲਈ ਪੰਜਾਬੀ ਸਿਨੇਮਾ ਇੱਕ ਵਧੀਆ ਸਾਧਨ ਹੈ ਪ੍ਰੰਤੂ ਕਰੋਨਾ ਮਹਾਂਮਾਰੀ ਦੇ ਮੌਜੂਦਾ ਦੌਰ ਵਿੱਚ ਪੰਜਾਬੀ ਸਿਨੇਮਾ ਵੀ ਪਿਛਲੇ ਲਗਭਗ ਇੱਕ ਸਾਲ ਤੋਂ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰਦਾ ਆ ਰਿਹਾ ਹੈ। ਕਰੋਨਾ ਮਹਾਂਮਾਰੀ ਕਾਰਨ ਪਿਛਲੇ ਲਗਭਗ 13 ਮਹੀਨਿਆਂ ਤੋਂ ਪੰਜਾਬ ਸਿਨੇਮੇ ਵਿੱਚ ਆਈ ਖੜੋਤ ਨੂੰ ਤੋੜਨ ਲਈ ਪੰਜਾਬੀ ਸਿਨੇਮੇ ਨਾਲ ਜੁੜੇ ਹਰ ਵਿਅਕਤੀ ਨੂੰ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ। ਨੌਰਥ ਜ਼ੋਨ ਫ਼ਿਲਮ ਤੇ ਟੀ.ਵੀ. ਆਰਟਿਸਟਸ ਐਸੋਸੀਏਸ਼ਨ (ਨਜ਼ਫਟਾ) ਇਸ ਇੱਕਜੁਟਤਾ ਦੇ ਲਈ ਹਮੇਸ਼ਾਂ ਯਤਨਸ਼ੀਲ ਹੈ। ਇਹ ਵਿਚਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਦਾਕਾਰ ਸ਼ਵਿੰਦਰ ਮਾਹਲ, ਗਾਇਕ ਅਦਾਕਾਰ ਤੇ ਪ੍ਰੋਡਿਊਸਰ ਕਰਮਜੀਤ ਅਨਮੋਲ ਅਤੇ ਰੰਗ ਮੰਚ ਦੇ ਮੰਨੇ ਪ੍ਰਮੰਨੇ ਆਰਟਿਸਟ ਸਰਦਾਰ ਸੋਹੀ ਨੇ ਸੰਸਥਾ ਦੇ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮੇ ਵਿੱਚ ਆਈ ਖੜੋਤ ਨੂੰ ਤੋੜਨ ਲਈ ਹੁਣ ਇੱਕ ਪੰਜਾਬੀ ਫ਼ਿਲਮ ‘ਕੁੜੀਆਂ ਜਵਾਨ ਤੇ ਬਾਪੂ ਪ੍ਰੇਸ਼ਾਨ’ ਤਿਆਰ ਕੀਤੀ ਗਈ ਹੈ ਜੋ ਕਿ 16 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਜ਼ਫ਼ਟਾ ਇਸ ਫ਼ਿਲਮ ਦਾ ਨਿੱਘਾ ਸਵਾਗਤ ਕਰਦੀ ਹੈ।
ਸਿਨੇਮੇ ਦੀ ਮੀਡੀਆ ਬਾਰੇ ਭੂਮਿਕਾ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਦੀ ਮੀਡੀਆ ਨਾਲ ਪੁਰਾਣੀ ਸਾਂਝ ਹੈ ਅਤੇ ਅਟੁੱਟ ਰਿਸ਼ਤਾ ਹੈ। ਜਦੋਂ ਕਦੇ ਵੀ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਈਆਂ ਤਾਂ ਮੀਡੀਆ ਨੇ ਆਪਣੀ ਬਣਦੀ ਭੂਮਿਕਾ ਨਿਭਾਈ। ਇਸ ਲਈ ਹੁਣ ਵੀ ਉਮੀਦ ਕੀਤੀ ਜਾਂਦੀ ਹੈ ਕਿ ਮੀਡੀਆ ਇਸ ਨਵੀਂ ਫ਼ਿਲਮ ਦੀ ਗੂੰਜ ਲੋਕਾਂ ਤੱਕ ਸਾਰਥਕ ਢੰਗ ਨਾਲ ਪਹੁੰਚਾਵੇਗਾ ਤਾਂ ਜੋ ਪੰਜਾਬੀ ਸਿਨੇਮਾ ਨੂੰ ਅੱਗੇ ਚਲਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਭਾਵੇਂ ਲਗਭਗ ਇੱਕ ਸਾਲ ਪਹਿਲਾਂ ‘ਚੱਲ ਮੇਰਾ ਪੁੱਤ-2’ ਅਤੇ ‘ਇੱਕੋਮਿੱਕੇ’ ਵਰਗੀਆਂ ਬਹੁਤ ਹੀ ਵਧੀਆ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੀਆਂ ਝੋਲੀ ਪਈਆਂ ਪ੍ਰੰਤੂ ਦੋ ਤਿੰਨ ਦਿਨ ਬਾਅਦ ਹੀ ਕਰੋਨਾ ਕਾਰਨ ਲਾਕਡਾਊਨ ਲੱਗ ਜਾਣ ਕਾਰਨ ਕਾਫ਼ੀ ਨੁਕਸਾਨ ਹੋਇਆ।
ਇਸ ਲਈ ਹੁਣ ਦਰਸ਼ਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਸਾਲ ਤੋਂ ਪੰਜਾਬੀ ਸਿਨੇਮੇ ਵਿੱਚ ਆਈ ਖਡ਼ੋਤ ਤੋਂ ਬਾਅਦ ਇਸ ਨਵੀਂ ਫ਼ਿਲਮ ਨੂੰ ਖੂਬ ਪਿਆਰ ਦੇਣਗੇ ਤਾਂ ਜੋ ਸਿਨੇਮਾ ਜਗਤ ਨਾਲ ਸਿੱਧੇ ਅਸਿੱਧੇ ਢੰਗ ਨਾਲ ਜੁੜੇ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਵੀ ਚੱਲ ਸਕੇ।
ਇਸ ਮੌਕੇ ਤਰਸੇਮ ਪੌਲ, ਮਲਕੀਤ ਰੌਣੀ, ਫ਼ਿਲਮੀ ਹੀਰੋਇਨ ਤਨਵੀ ਨਾਗੀ, ਮੋਹਿਤ ਬਨਵੈਤ, ਪਰਮਜੀਤ ਭੰਗੂ, ਅਮਨ ਜੌਹਲ ਆਦਿ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਪੰਜਾਬੀ ਫ਼ਿਲਮ ਨੂੰ ਸਾਰਥਕ ਢੰਗ ਨਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕਰੇ।