ਚੰਡੀਗੜ੍ਹ: 10 ਜੁਲਾਈ,
ਬਨਿੰਦਰ ਬਨੀ ਪੰਜਾਬੀ ਸਿਨਮੇ ਦਾ ਇੱਕ ਜਾਣਿਆ-ਪਛਾਣਿਆ ਅਦਾਕਾਰ ਹੈ। ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਆਏ ਬਨੀ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਇੱਕ ਖ਼ਾਸ ਪਹਿਚਾਣ ਬਣਾਈ। ਵੱਖ ਵੱਖ ਫ਼ਿਲਮਾਂ ਵਿੱਚ ਉਸਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। 25 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਬਨਿੰਦਰ ਬੰਨੀ ਦੀ ਇੰਨ੍ਹੀਂ ਦਿਨੀਂ ਇੱਕ ਨਵੀਂ ਫ਼ਿਲਮ ‘ਪਦਮ ਸ਼੍ਰੀ ਕੌਰ ਸਿੰਘ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਆਮ ਸਿਨਮੇ ਤੋਂ ਬਹੁਤ ਵੱਖਰੇ ਟੇਸਟ ਦੀ ਫ਼ਿਲਮ ਹੈ ਜੋ ਕਾਮੇਡੀ ਅਤੇ ਰੁਮਾਂਚ ਦੇ ਨਾਲ ਨਾਲ ਦੇਸ਼ ਕੌਮ ਲਈ ਸੰਘਰਸ਼ ਕਰਨ ਵਾਲੇ ਪਦਮ ਸ਼੍ਰੀ ਐਵਾਰਡੀ ਸਖਸ਼ੀਅਤ ਦੀ ਪਰਿਵਾਰਕ ਤੇ ਸਮਾਜਿਕ ਕਹਾਣੀ ਪੇਸ਼ ਕਰੇਗੀ। ਬਨਿੰਨਰ ਬੰਨੀ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਸਨੇ ਸੂਬੇਦਾਰ ਕੌਰ ਸਿੰਘ ਦੇ ਜਿਗਰੀ ਯਾਰ ‘ਸ਼ੌਂਕੀ’ ਦਾ ਕਿਰਦਾਰ ਨਿਭਾਇਆ ਹੈ ਜੋ ਬਚਪਨ ਤੋਂ ਲੈ ਕੇ ਜਵਾਨੀ ਅਤੇ ਬੁਢਾਪੇ ਤੱਕ ਉਸਦੇ ਦੁੱਖਾਂ- ਸੁੱਖਾਂ ਦਾ ਭਾਈਵਾਲ ਰਹਿੰਦਾ ਹੈ। ਉਸਦਾ ਕਿਰਦਾਰ ਬਹੁਤ ਦਿਲਚਸਪ ਹੈ ਜੋ ਦਰਸ਼ਕਾਂ ਨੂੰ ਪਸੰਦ ਆਵੇਗਾ। ਮੈਨੂੰ ਖੁਸ਼ੀ ਹੈ ਕਿ ਇਸ ਮਹਾਨ ਵਿਆਕਤੀ ਦੇ ਜੀਵਨ ਅਧਾਰਤ ਫ਼ਿਲਮ ਲਈ ਉਸਨੂੰ ਚੰਗੇ ਕਿਰਦਾਰ ਦੇ ਕਾਬਲ ਸਮਝਿਆ।
ਚੰਡੀਗੜ੍ਹ ਦੇ ਵਸਨੀਕ ਬਨਿੰਦਰ ਬੰਨੀ ਨੇ ਕਿਹਾ ਕਿ ਉਸਨੇ 2013 ਤੋਂ ਰੰਗਮੰਚ ਤੋਂ ਫ਼ਿਲਮਾਂ ਵੱਲ ਪੰਜਾਬੀ ਫ਼ਿਲਮ ‘ਆਰ ਐੱਸ ਵੀ ਪੀ’ ਨਾਲ ਕਦਮ ਵਧਾਇਆ ਸੀ। ਹੁਣ ਤੱਕ ਉਹ 25-30 ਦੇ ਕਰੀਬ ਪੰਜਾਬੀ ਫ਼ਿਲਮਾਂ ਕਰ ਚੁੱਕਾ ਹੈ ਜਿੰਨ੍ਹਾਂ ਨੇ ਉਸਨੂੰ ਪੰਜਾਬੀ ਸਿਨਮੇ ਵਿੱਚ ਇੱਕ ਵੱਡੀ ਪਹਿਚਾਣ ਦਿੱਤੀ। ਉਸਨੇ ਪ੍ਰੋਪਰ ਪਟੋਲਾ,ਪੰਜਾਬੀਆਂ ਦਾ ਕਿੰਗ, ਦਿਲਦਾਰੀਆਂ, ਮਰ ਗਏ ਓਏ ਲੋਕੋ, ਨਿੱਕਾ ਜ਼ੈਲਦਾਰ 1,2 ,3, ਚੰਨੋ ਕਮਲੀ ਯਾਰ ਦੀ,ਲੌਂਗ ਲਾਂਚੀ,ਸੂਬੇਦਾਰ ਜੋਗਿੰਦਰ ਸਿੰਘ, ਲਾਂਵਾਂ-ਫੇਰੇ, ਰੰਗ ਪੰਜਾਬ, ਨਾਂਢੂ ਖਾਂ, ਡਾਕਾ, ਦਿਲ ਦੀਆਂ ਗੱਲਾਂ, ਗੁੱਡੀਆਂ ਪਟੋਲੇ, ਟੈਲੀਵੀਜ਼ਨ, ਸ਼ੇਰ ਬੱਗਾ, ਆਦਿ ਪੰਜਾਬੀ ਫ਼ਿਲਮਾਂ ਦੇ ਇਲਾਵਾ ਬਾਲੀਵੁੱਡ ਫ਼ਿਲਮ ਪ੍ਰਿਥੀਪਾਲ ਏ ਸਟੋਰੀ ਵੀ ਕਰ ਚੁੱਕਾ ਹੈ। ਰੱਬਾ ਮੈਨੂੰ ਮਾਫ਼ ਕਰੀਂ, ਜਿੰਦ ਮਾਹੀ, ਕੌਰ ਸਿੰਘ ਅਤੇ ਫੇਰ ਮਾਮਲਾ ਗੜਬੜ ਗੜਬੜ ਉਸਦੀਆਂ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਹਨ। 22 ਜੁਲਾਈ ਨੂੰ ਰਿਲੀਜ਼ ਹੋ ਰਹੀ ‘ਪਦਮ ਸ਼੍ਰੀ ਕੌਰ ਸਿੰਘ ਦਾ ਨਿਰਮਾਣ ਕਰਮ ਬਾਠ ਨੇ ਸਲੇਅ ਰਿਕਾਰਡਜ਼ ਨਾਲ ਮਿਲ ਕੇ ਕੀਤਾ ਹੈ। ਇਸ ਫ਼ਿਲਮ ਦੇ ਲੇਖਕ -ਨਿਰਦੇਸ਼ਕ ਵਿਕਰਮ ਪ੍ਰਧਾਨ ਹਨ। ਫ਼ਿਲਮ ਵਿੱਚ ਕਰਮ ਬਾਠ, ਪ੍ਰਭ ਗਰੇਵਾਲ,ਰਾਜ ਕਾਕੜਾ, ਬਨਿੰਦਰ ਬਨੀ, ਮਲਕੀਤ ਰੌਣੀ, ਸੁੱਖੀ ਚਾਹਲ, ਸੁਖਬੀਰ ਗਿੱਲ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੇ ਮੁੱਖ ਪ੍ਰੋਡਿਊਸਰ ਕਰਮ ਬਾਠ ਤੇ ਵਿੱਕੀ ਮਾਨ ਹਨ ਅਤੇ ਗੁਰਲਵ ਸਿੰਘ ਰਟੌਲ ਅਤੇ ਕੰਵਰਨਿਹਾਲ ਸਿੰਘ ਇਸਦੇ ਕੋ-ਪ੍ਰੋਡਿਊਸਰ । ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।