ਚੰਡੀਗੜ੍ਹ,4 ਜੂਲਾਈ,ਦੇਸ਼ ਕਲਿਕ ਬਿਊਰੋ:
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਸੁਣਵਾਈ ਹੋਵੇਗੀ ਕਿ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਜਾਂ ਨਕਲੀ। ਚੰਡੀਗੜ੍ਹ, ਪੰਚਕੂਲਾ ਅਤੇ ਅੰਬਾਲਾ ਦੇ ਕੁਝ ਸ਼ਰਧਾਲੂਆਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ 'ਚ ਸ਼ੱਕ ਜਤਾਇਆ ਗਿਆ ਸੀ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ 'ਚ ਪਹੁੰਚਿਆ ਰਾਮ ਰਹੀਮ ਨਕਲੀ ਹੈ। ਜਿਨ੍ਹਾਂ ਦੇ ਹਾਵ-ਭਾਵ ਉਨ੍ਹਾਂ ਦੇ ਅਸਲੀ ਗੁਰੂ ਰਾਮ ਰਹੀਮ ਵਰਗੇ ਨਹੀਂ ਹਨ। ਦੂਜੇ ਪਾਸੇ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਇਸ ਨੂੰ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਏ ਡੇਰਾ ਮੁਖੀ 'ਚ ਉਨ੍ਹਾਂ ਨੇ ਕਾਫੀ ਬਦਲਾਅ ਦੇਖਿਆ ਹੈ। ਉਨ੍ਹਾਂ ਨੇ ਹਾਲ ਹੀ 'ਚ ਕਥਿਤ ਡੇਰਾ ਮੁਖੀ ਦੀ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੂੰ ਨੇੜਿਓਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਤਾ ਲੱਗਾ ਕਿ ਡੇਰਾ ਮੁਖੀ ਦਾ ਕੱਦ ਇਕ ਇੰਚ ਵਧ ਗਿਆ ਹੈ। ਉਂਗਲਾਂ ਦੀ ਲੰਬਾਈ ਅਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਹੈ।ਸ਼ਰਧਾਲੂਆਂ ਦਾ ਕਹਿਣਾ ਹੈ ਕਿ ਵੀਡੀਓ 'ਚ ਦਿਖ ਰਿਹਾ ਹੈ ਕਿ ਉਸ ਦੇ ਚਿਹਰੇ ਅਤੇ ਹੱਥਾਂ 'ਤੇ ਮਾਸਕ ਸੀ, ਜੋ ਬਦਲ ਗਿਆ। ਉਹ ਕੁਝ ਦਿਨ ਪਹਿਲਾਂ ਕੁਝ ਪੁਰਾਣੇ ਦੋਸਤਾਂ ਨੂੰ ਮਿਲਿਆ ਸੀ। ਜਿਸ ਨੂੰ ਉਹ ਪਛਾਣ ਨਹੀਂ ਸਕਿਆ। ਇਸ ਤੋਂ ਸਾਫ਼ ਹੈ ਕਿ ਉਹ ਫਰਜ਼ੀ ਡੇਰਾ ਮੁਖੀ ਹੈ।ਅਸਲੀ ਡੇਰਾ ਪ੍ਰਮੁੱਖ ਨੂੰ ਲੈ ਕੇ ਉਨ੍ਹਾਂ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।ਇਨ੍ਹਾਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਅਗਵਾ ਕਰਨ ਤੋਂ ਬਾਅਦ ਨਕਲੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਹੁਣ ਇਸ ਨਕਲੀ ਨੂੰ ਅਸਲੀ ਬਣਾ ਕੇ ਡੇਰੇ ਦੀ ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰੇ ਦੀ ਗੱਦੀ ਲਈ ਅਸਲੀ ਡੇਰਾ ਮੁਖੀ ਮਾਰਿਆ ਗਿਆ ਹੈ ਜਾਂ ਮਾਰਿਆ ਜਾਵੇਗਾ। ਜੇਲ੍ਹ ਵਿੱਚ ਬੰਦ ਨਕਲੀ ਰਾਮ ਰਹੀਮ ਦੀ ਜਾਂਚ ਹੋਣੀ ਚਾਹੀਦੀ ਹੈ।