-ਸੁਰਜੀਤ ਜੱਸਲ
ਚੰਡੀਗੜ੍ਹ: 3 ਜੁਲਾਈ, ਪਿਛਲੇ ਸਮਿਆਂ ਦੌਰਾਨ ਪੁਰਾਤਨ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਕਰਦੀਆਂ ਅਨੇਕਾਂ ਫ਼ਿਲਮਾਂ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਸਫ਼ਲ ਰਹੀਆਂ ਹਨ। ‘ਅੰਗਰੇਜ਼’ ਦੀ ਸਫ਼ਲਤਾ ਨੇ ਤਾਂ ਪੰਜਾਬੀ ਸਿਨਮੇ ਦਾ ਮੁਹਾਂਦਰਾ ਹੀ ਬਦਲ ਦਿੱਤਾ ਸੀ, ਜਿਸ ਤੋਂ ਪ੍ਰਭਾਵਤ ਹੁੰਦਿਆਂ ‘ਕੱਚੇ ਘਰਾਂ’ ਨਾਲ ਜੁੜੀਆਂ ਧੜਾਧੜ ਫ਼ਿਲਮਾਂ ਦਾ ਨਿਰਮਾਣ ਹੋਇਆ। ਅੱਠ ਜੁਲਾਈ ਨੂੰ ਆ ਰਹੀ ਪਿਆਰ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ ’ ਵੀ ਪੰਜਾਬ ਦੇ ਬੀਤੇ ਕੱਲ੍ਹ ਨਾਲ ਜੁੜੀ ਕਹਾਣੀ ਹੈ, ਜਿਸ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਪੰਜਾਬ ਦੇ ਪਿੰਡਾਂ ਵਿੱਚ ਉਭਰਦੀਆਂ ਪਿਆਰ ਦੀਆਂ ਕਰੂੰਬਲਾਂ ਦੀ ਦਿਲਚਸਪ ਕਹਾਣੀ ਨੂੰ ਪੇਸ਼ ਕਰਦੀ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਇਹ ਫ਼ਿਲਮ ਮੌਜੂਦਾ ਸਿਨਮੇ ਦੀ ਭੀੜ ਵਿੱਚ ਬਹੁਤ ਅਲੱਗ ਹੋਵੇਗੀ। ਗੁਰਨਾਮ ਭੁੱਲਰ ਨੇ ਆਪਣੀਆਂ ਕੁਝ ਕੁ ਫ਼ਿਲਮਾਂ ਨਾਲ ਹੀ ਸਾਬਤ ਕਰ ਦਿੱਤਾ ਕਿ ਉਹ ਗਾਇਕੀ ਦੇ ਨਾਲ ਨਾਲ ਇੱਕ ਵਧੀਆ ਅਦਾਕਾਰ ਵੀ ਹੈ। ‘ਗੁੱਡੀਆ ਪਟੋਲੇ, ਸੁਰਖੀ ਬਿੰਦੀ, ਲੇਖ, ਕੋਕਾ ਆਦਿ ਫ਼ਿਲਮਾਂ ਨਾਲ ਉਹ ਪੰਜਾਬੀ ਸਿਨਮੇ ਦੇ ਸਿਰਮੌਰ ਅਦਾਕਾਰਾਂ ਦੀ ਕਤਾਰ ਵਿੱਚ ਸ਼ਾਮਿਲ ਹੋਇਆ ਹੈ। ਉਹ ਵੱਖ ਵੱਖ ਫ਼ਿਲਮਾਂ ਵਿੱਚ ਤਾਨੀਆਂ, ਸੋਨਮ ਬਾਜਵਾ ਤੇ ਸਰਗੁਣ ਮਹਿਤਾ ਨਾਲ ਨਾਇਕ ਵਜੋਂ ਚਰਚਿਤ ਰਿਹਾ ਹੈ। ਨਵੀਂ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਉਸਦੀ ਨਾਇਕਾ ਸਰਗੁਣ ਮਹਿਤਾ ਹੈ ਜੋ ਉਸ ਨਾਲ ਪਹਿਲਾਂ ਸੁਪਰ ਹਿੱਟ ਫ਼ਿਲਮ ‘ਸੁਰਖੀ ਬਿੰਦੀ’ ਵੀ ਕਰ ਚੁੱਕੀ ਹੈ।
ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਟਰੇਲਰ ਦੀ ਗੱਲ ਕਰੀਏ ਤਾਂ ਇਹ ਐਨਾਂ ਦਿਲਚਸਪ ਹੈ ਕਿ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ। ਇਹ ਫ਼ਿਲਮ ਪਿਆਰ ਮੁਹੱਬਤ ਵਿੱਚ ਕੱਚੀ ਉਮਰੇ ਕੀਤੇ ਵਾਆਦਿਆਂ ਨੂੰ ਪੂਰਾ ਕਰਨ ਦੀ ਚਾਹਤ ਭਰੀ ਰੁਮਾਂਟਿਕ ਤੇ ਮਨੋਰੰਜਨ ਭਰਪੂਰ ਕਹਾਣੀ ਹੈ। ਫ਼ਿਲਮ ਦੀ ਕਹਾਣੀ ਅੰਬਰਦੀਪ ਨੇ ਲਿਖੀ ਹੈ। ਅੰਬਰਦੀਪ ਮੌਜੂਦਾ ਸਿਨਮੇ ਦਾ ਸਫ਼ਲ ਲੇਖਕ-ਨਿਰਦੇਸ਼ਕ ਹੈ। ਉਸਨੇ ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਨੂੰ ਬੜੀ ਗੰਭੀਰਤਾ ਨਾਲ ਲਿਖਿਆ ਹੈ। ਇਸ ਫ਼ਿਲਮ ਨੂੰ ਸ਼ਿਤਿਜ਼ ਚੌਧਰੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਪਰਮਿੰਦਰ ਕੌਰ ਗਿੱਲ ਤੇ ਹਰਦੀਪ ਗਿੱਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਵਿਸ਼ੇ ਮੁਤਾਬਕ ਗੀਤ ਬਹੁਤ ਵਧੀਆ ਹਨ। ਫ਼ਿਲਮ ਦੀ ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਪਿਆਰ ਦੀ ਉਲਝਣ ਭਰੀ ਕਹਾਣੀ ਹੈ, ਜਦੋਂ ਧੀਆਂ-ਪੁੱਤਾਂ ਨੂੰ ਮਾਪਿਆਂ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਨ ਦੀ ਅੱਜ ਵਾਂਗ ਖੁੱਲ੍ਹ ਨਹੀਂ ਸੀ ਹੁੰਦੀ। ਫ਼ਿਲਮ ਦਾ ਨਾਇਕ ਕਿਸੇ ਵਿਚੋਲੇ ਹੱਥ ਕੁੜੀ ਵਾਲਿਆਂ ਦੇ ਘਰ ਆਪਣੇ ਰਿਸ਼ਤੇ ਦੀ ਪੇਸ਼ਕਸ਼ ਭੇਜਦਾ ਹੈ ਪਰ ਅਚਾਨਕ ਪਿੰਡ ’ਚ ਇਕੋ ਨਾਂ ਦੇ ਦੋ ਘਰ ਹੋਣ ਕਰਕੇ ਰਿਸ਼ਤਾ ਕਿਸੇ ਹੋਰ ਘਰ ਚਲਾ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਪਿਆਰ ਵਿੱਚ ਇੱਕ ਨਵੀਂ ਉਲਝਣ ਪੈ ਜਾਂਦੀ ਹੈ ਜਿਸ ਚੋਂ ਨਿਕਲਣ ਲਈ ਉਹ ਅਨੇਕਾਂ ਯਤਨ ਕਰਦੇ ਹਨ ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੇ ਫ਼ਿਲਮ ਦੇ ਦਿਲਚਸਪ ਪਹਿਲੂ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਪੰਜਾਬ ਦੇ ਪੁਰਾਣੇ ਕਲਚਰ, ਮਾਹੌਲ, ਰਸਮ ਰਿਵਾਜ਼ਾਂ ਨੂੰ ਵਿਖਾਉਣ ਦਾ ਯਤਨ ਕੀਤਾ ਗਿਆ ਹੈ। ਅੱਜ ਤੋਂ ਚਾਲੀ ਸਾਲ ਪੁਰਾਣੇ ਪਿੰਡਾਂ ਨਾਲ ਜੁੜੀ ਇਹ ਫ਼ਿਲਮ ਦੀ ਦਰਸ਼ਕਾਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਜੋ 8 ਜੁਲਾਈ ਨੂੰ ਦੇਸ਼ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਮਾਣ ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਵਲੋਂ ਕੀਤਾ ਗਿਆ ਹੈ।