ਰੇਵਾੜੀ/17 ਮਈ/ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਦਿੱਲੀ-ਜੈਪੁਰ ਹਾਈਵੇਅ 'ਤੇ ਅੱਜ ਮੰਗਲਵਾਰ ਤੜਕੇ ਇੱਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਫੋਰਸ ਕੰਪਨੀ ਦੀ ਕਰੂਜ਼ਰ ਗੱਡੀ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ 'ਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜੈਪੁਰ ਦੇ ਪਿੰਡ ਸਮੋਦ ਦਾ ਇੱਕ ਪਰਿਵਾਰ ਸੋਮਵਾਰ ਨੂੰ ਹਰਿਦੁਆਰ ਗਿਆ ਸੀ। ਕਰੂਜ਼ਰ ਗੱਡੀ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਕੁੱਲ 17 ਲੋਕ ਸਵਾਰ ਸਨ। ਵਾਪਸ ਪਰਤਦੇ ਸਮੇਂ ਰੇਵਾੜੀ ਦੇ ਦਿੱਲੀ-ਜੈਪੁਰ ਹਾਈਵੇਅ 'ਤੇ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਓਢੀ ਕੱਟ ਨੇੜੇ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੂਜ਼ਰ ਗੱਡੀ ਦੇ ਪਰਖੱਚੇ ਉੱਡ ਗਏ।