ਨਵੀਂ ਦਿੱਲੀ, 8 ਅਪ੍ਰੈਲ :
ਬਾਲੀਵੁਡ ਗਾਇਕ ਹਨੀ ਸਿੰਘ ਨੇ ਦੋਸ਼ ਲਗਾਇਆ ਹੈ ਕਿ 27 ਮਾਰਚ ਨੂੰ ਦੱਖਣੀ ਦਿੱਲੀ ਦੇ ਹੌਜ ਖਾਸ ਇਲਾਕੇ ਵਿੱਚ ਇਕ ਸੰਗੀਤ ਪ੍ਰੋਗਰਾਮ ਦੌਰਾਨ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਧਮਕੀ ਦਿੱਤੀ ਗਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਹਨੀ ਸਿੰਘ ਨੇ ਕਿਹਾ ਕਿ 26 ਅਤੇ 27 ਮਾਰਚ ਦੀ ਵਿਚਕਾਰਲੀ ਰਾਤ ਨੂੰ ਸਾਊਥ ਐਕਸ 2, ਨਵੀਂ ਦਿੱਲੀ ਦੇ ਇਕ ਕਲੱਬ ਵਿੱਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਦੋਂ ਪ੍ਰੋਗਰਾਮ ਚਲ ਰਿਹਾ ਸੀ, ਤਾਂ ਅਚਾਨਕ ਪੰਜ ਤੋਂ ਛੇ ਅਣਪਛਾਤੇ ਵਿਅਕਤੀ ਜ਼ਬਰਦਸਤੀ ਮੰਚ ਉਤੇ ਆ ਗਏ ਅਤੇ ਬਤਮੀਜੀ ਕਰਨ ਲੱਗੇ ਅਤੇ ਸ਼ੋਅ ਵਿਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਬੀਅਰ ਦੀਆਂ ਬੋਤਲਾਂ ਫੜ੍ਹੀਆਂ ਹੋਈਆਂ ਸਨ ਅਤੇ ਕਲਾਕਾਰਾਂ ਨੂੰ ਮੰਚ ਤੋਂ ਧੱਕ ਦਿੱਤਾ। ਉਨ੍ਹਾਂ ਵਿੱਚ ਇਕ ਨੇ ਉਸਦਾ ਹੱਥ ਫੜ ਲਿਆ ਅਤੇ ਉਸ ਨੂੰ ਮੰਚ ਦੇ ਸਾਹਮਣੇ ਖਿੱਚਣ ਲੱਗਿਆ।
ਪੁਲਿਸ ਨੇ ਕਿਹਾ ਕਿ ਹਨੀ ਸਿੰਘ ਹਮਲਾਵਾਰਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ, ਪ੍ਰੰਤੂ ਉਹ ਧਮਕਾਉਂਦੇ ਰਹੇ। ਸ਼ਿਕਾਇਤ ਮਿਲਣ ਬਾਅਦ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਸੀਸੀਟੀਵੀ ਫੁਟੇਜ ਨੂੰ ਦੇਖਿਆ ਹੈ ਅਤੇ ਗਵਾਹਾਂ ਦੇ ਬਿਆਨ ਦੇ ਆਧਾਰ ਉਤੇ ਪੰਜ ਆਰੋਪੀਆਂ ਦੀ ਪਹਿਚਾਣ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗੇ ਕੁਝ ਮਹੱਤਵਪੂਰਣ ਸਬੂਤ ਇਕੱਠੇ ਕੀਤੇ ਜਾਣੇ ਹਨ ਅਤੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। (ਆਈਏਐਨਐਸ)