ਚੰਡੀਗੜ੍ਹ/19 ਫ਼ਰਵਰੀ/ਦੇਸ਼ ਕਲਿਕ ਬਿਊਰੋ:
20 ਫਰਵਰੀ ਨੂੰ ਚੰਡੀਗੜ੍ਹ ਟੈਗੋਰ ਥੀਏਟਰ ਵਿਖੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੇ ਕਈ ਰੰਗ ਇੱਕ ਮੰਚ 'ਤੇ ਦੇਖਣ ਨੂੰ ਮਿਲਣਗੇ। ਇਹ ਫਿਲਮ ਫੈਸਟੀਵਲ ਸਿੱਖਲੈਂਸ ਦੇ ਭਾਰਤੀ ਚੈਪਟਰ ਦਾ ਤੀਜਾ ਐਡੀਸ਼ਨ ਹੋਵੇਗਾ। ਫਿਲਮ, ਫਿਟਨੈਸ, ਕਵਿਤਾ, ਪਾਠ, ਸੰਗ੍ਰਹਿ, ਗਾਇਨ ਅਤੇ ਲਾਈਵ ਪ੍ਰਦਰਸ਼ਨ ਰਾਹੀਂ ਕਲਾ ਅਤੇ ਸਿੱਖੀ ਦੀ ਸ਼ਲਾਘਾ ਕੀਤੀ ਜਾਵੇਗੀ। ਓਜਸਵੀ ਸ਼ਰਮਾ, ਇੰਡੀਆ ਹੈੱਡ, ਸਿੱਖਲੈਂਸ ਅਤੇ ਫੈਸਟੀਵਲ ਡਾਇਰੈਕਟਰ ਨੇ ਇਹ ਜਾਣਕਾਰੀ ਦਿੱਤੀ ਹੈ।ਸ਼ਰਮਾ ਨੇ ਦੱਸਿਆ ਕਿ ਮੇਲਾ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ ਚੱਲੇਗਾ। ਇਸ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਵੀ ਭਾਗ ਲੈ ਰਹੀਆਂ ਹਨ। ਇਹ ਮੇਲਾ ਸਿੱਖ ਧਰਮ, ਉਨ੍ਹਾਂ ਦੀ ਕਲਾ ਅਤੇ ਉਨ੍ਹਾਂ ਨਾਲ ਜੁੜੀਆਂ ਵਿਰਾਸਤੀ ਚੀਜ਼ਾਂ ਦੇ ਸਨਮਾਨ ਨੂੰ ਲੈ ਕੇ ਹੀ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਲੋਕਾਂ ਵਿੱਚ ਸਿੱਖਾਂ ਪ੍ਰਤੀ ਸਤਿਕਾਰ ਵਧੇ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਜੁੜੇ ਨਵੇਂ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਭਾਰਤੀ ਚੈਪਟਰ ਵਿੱਚ ਮੌਕੇ ਦਿੱਤੇ ਗਏ ਹਨ। ਇਸ ਵਾਰ ਫਿਲਮ ਸਕ੍ਰੀਨਿੰਗ, ਕਲਾ ਪ੍ਰਦਰਸ਼ਨੀ, ਕਿਤਾਬਾਂ ਦੀ ਲਾਂਚਿੰਗ, ਸਿੱਖਿਆ ਦੇ ਨਾਲ-ਨਾਲ ਮੁਲਾਕਾਤ ਅਤੇ ਸਵਾਗਤ ਸੈਸ਼ਨ ਹੋਣਗੇ। ਇਨ੍ਹਾਂ ਨੂੰ ਛੇ ਸਲਾਟ ਵਿੱਚ ਵੰਡਿਆ ਹੈ।